ਸ਼ਰਾਰਤੀ ਅਨਸਰਾਂ ਵੱਲੋਂ ਗੁਟਕੇ ਦੀ ਬੇਅਦਬੀ

ਗੁਰਦਾਸਪੁਰ (ਸਤਬੀਰ ਸਿੰਘ)-ਜ਼ਿਲ੍ਹਾ ਫ਼ਰੀਦਕੋਟ ਦੇ ਪਿੰਡ ਬਰਗਾੜੀ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਘਟਨਾ ਦਾ ਸੇਕ ਅਜੇ ਘੱਟ ਨਹੀਂ ਹੋਇਆ ਸੀ ਕਿ ਗੁਰਦਾਸਪੁਰ ਦੇ ਸਰਹੱਦੀ ਕਸਬਾ ਕਲਾਨੌਰ ਵਿੱਚ ਕਿਸੇ ਸ਼ਰਾਰਤੀ ਅਨਸਰ ਨੇ ਗੁਟਕੇ ਦੇ ਪੱਤਰੇ ਫਾੜ ਕੇ ਸੜਕ ਉੱਤੇ ਸੁੱਟ ਦਿੱਤੇ। ਇਸ ਤੋਂ ਰੋਹ ਵਿੱਚ ਆਏ ਸਿੱਖ ਸੰਗਠਨਾਂ ਦੇ ਕਾਰਕੁਨਾਂ ਨੇ ਇਕੱਠੇ ਹੋ ਕੇ ਕਲਾਨੌਰ ਮਾਰਗ ਉੱਤੇ ਧਰਨਾ ਲਾ ਦਿੱਤਾ।
ਧਰਨਾਕਾਰੀਆਂ ਵੱਲੋਂ ਲਗਾਤਾਰ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਜਾ ਰਹੀ ਸੀ। ਘਟਨਾ ਦੀ ਗੰਭੀਰਤਾ ਨੂੰ ਵੇਖਦਿਆਂ ਡਿਪਟੀ ਕਮਿਸ਼ਨਰ ਗੁਰਦਾਸਪੁਰ ਡਾ. ਅਭਿਨਵ ਤ੍ਰਿਖਾ ਅਤੇ ਐਸਐਸਪੀ ਗੁਰਪ੍ਰੀਤ ਸਿੰਘ ਤੂਰ ਤੋਂ ਇਲਾਵਾ ਪ੍ਰਸ਼ਾਸਨਿਕ ਅਧਿਕਾਰੀ ਮੌਕੇ ਉੱਤੇ ਪੁੱਜ ਗਏ। ਪੁਲੀਸ ਨੇ ਵੇਖਦਿਆਂ ਹੀ ਵੇਖਦਿਆਂ ਕਸਬੇ ਨੂੰ ਚੁਫੇਰਿਓਂ ਪੂਰੀ ਤਰ੍ਹਾਂ ਸੀਲ ਕਰ ਦਿੱਤਾ।
ਘਟਨਾ ਦੇ ਵਿਰੋਧ ਵਿੱਚ ਧਰਨੇ ਉੱਤੇ ਬੈਠੇ ਖਾਲਸਾ ਪੰਚਾਇਤ ਦੇ ਆਗੂ ਭਾਈ ਰਣਜੀਤ ਸਿੰਘ ਖਾਲਸਾ, ਦਲ ਖਾਲਸਾ ਦੇ ਭਾਈ ਬਿਕਰਮਜੀਤ ਸਿੰਘ ਭੱਟੀ, ਗੁਰਦੁਆਰਾ ਬਾਬਾ ਬੰਦਾ ਸਿੰਘ ਬਹਾਦਰ ਕਮੇਟੀ ਦੇ ਸਾਬਕਾ ਮੁੱਖ ਸੇਵਾਦਾਰ ਭਾਈ ਦਲਵਿੰਦਰ ਸਿੰਘ ਬਿੱਟੂ, ਸਾਬਕਾ ਸਕੱਤਰ ਰਾਜਿੰਦਰ ਸਿੰਘ ਲਾਡੀ, ਸੁਖਮਨੀ ਸੇਵਾ ਸੁਸਾਇਟੀ ਵਡਾਲਾ ਬਾਂਗਰ ਦੇ ਪ੍ਰਧਾਨ ਬਲਦੇਵ ਸਿੰਘ, ਭਾਈ ਚਰਨਜੀਤ ਸਿੰਘ ਖਾਲਸਾ ਆਨੰਦਪੁਰ ਸਾਹਿਬ ਵਾਲਿਆਂ ਅਤੇ ਹੋਰ ਸਿੱਖ ਆਗੂਆਂ ਨੇ ਕਿਹਾ ਕਿ ਸਰਕਾਰ ਅਜੇ ਤੱਕ ਪਿੰਡ ਬਰਗਾੜੀ ਦੀ ਘਟਨਾ ਦੇ ਅਸਲ ਦੋਸ਼ੀਆਂ ਨੂੰ ਸਾਹਮਣੇ ਨਹੀਂ ਲਿਆ ਸਕੀ। ਹੁਣ ਇੱਥੇ ਵਾਪਰੀ ਘਟਨਾ ਨੇ ਸਮੂੁਹ ਸਿੱਖ ਜਗਤ ਦੇ ਹਿਰਦੇ ਵਲੂੰਧਰ ਦਿੱਤੇ ਹਨ।
ਘਟਨਾ ਦਾ ਖੁਲਾਸਾ ਤੜਕਸਾਰ ਸੈਰ ਕਰਨ ਗਈਆਂ ਦੋ ਬੀਬੀਆਂ ਪਿੰਡ ਮੌਜੇਵਾਲ ਵਾਸੀ ਅਮਰਜੀਤ ਕੌਰ ਅਤੇ ਲਖਵਿੰਦਰ ਕੌਰ ਨੇ ਕੀਤਾ। ਉਨ੍ਹਾਂ ਦੱਸਿਆ ਕਿ ਰੋਜ਼ਾਨਾ ਦੀ ਤਰ੍ਹਾਂ ਸਵੇਰੇ ਕਰੀਬ 5.30 ਵਜੇ ਕਲਾਨੌਰ ਦੀ ਅਦਾਲਤਗੜ੍ਹ ਸੜਕ ਉੱਤੇ ਸੈਰ ਕਰ ਰਹੀਆਂ ਸਨ। ਜਦੋਂ ਇਸ ਸਡ਼ਕ ਉੱਤੇ ਵਾਪਸ ਆਈਆਂ ਤਾ ਵੇਖਿਆ ਕਿ ਸੜਕ ਦੇ ਦੋਵਾਂ ਪਾਸਿਆਂ ਉੱਤੇ ਗੁਟਕੇ ਦੇ ਦਰਜਨ ਤੋਂ ਵੱਧ ਪੱਤਰੇ ਖਿਲਰੇ ਪਏ ਸਨ। ਇਸ ਦੀ ਸੂਚਨਾ ਉਨ੍ਹਾਂ ਤੁਰੰਤ ਸਰਪੰਚ ਹਰਕੀਰਤ ਸਿੰਘ ਪੱਡਾ ਨੂੰ ਦਿੱਤੀ ਅਤੇ ਖਿਲਰੇ ਪੱਤਰੇ ਵੀ ਇਕੱਠੇ ਕਰ ਕੇ ਦਿੱਤੇ। ਇਸ ੳੁਤੇ ਸਰਪੰਚ ਨੇ ਪੁਲੀਸ ਨੂੰ ਸੂਚਿਤ ਕਰ ਦਿੱਤਾ। ਸੰਗਤ ਨੇ ਪੱਤਰੇ ਗੁਰਦੁਆਰਾ ਸ੍ਰੀ ਕਲਗੀਧਰ ਵਿੱਚ ਲਿਜਾ ਕੇ ਰੱਖ ਦਿੱਤੇ ਅਤੇ ਪੁਲੀਸ ਨੇ ਥਾਣਾ ਕਲਾਨੌਰ ਵਿੱਚ ਅਣਪਛਾਤਿਆਂ ਖ਼ਿਲਾਫ਼ ਧਾਰਾ 295 ਤਹਿਤ ਕੇਸ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਸੀ।

ਸੱਤ ਦਿਨਾਂ ਵਿੱਚ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਾਂਗੇ: ਡੀਸੀ – ਡਿਪਟੀ ਕਮਿਸ਼ਨਰ ਡਾ. ਅਭਿਨਵ ਤ੍ਰਿਖਾ ਅਤੇ ਐਸਐਸਪੀ ਨੇ ਧਰਨਾਕਾਰੀਆਂ ਨੂੰ ਸ਼ਾਂਤ ਕਰਦਿਆਂ ਦੱਸਿਆ ਕਿ ਜਾਂਚ ਲਈ ਪੰਜ ਮੈਂਬਰੀ ਕਮੇਟੀ ਬਣਾੲੀ ਗੲੀ ਹੈ, ਜਿਸ ਵਿੱਚ ਭਾਈ ਰਣਜੀਤ ਸਿੰਘ ਖਾਲਸਾ, ਭਾਈ ਬਿਕਰਮਜੀਤ ਸਿੰਘ ਭੱਟੀ, ਰਾਜਿੰਦਰ ਸਿੰਘ ਲਾਡੀ, ਅਮਰੀਕ ਸਿੰਘ ਧਰਮੀ ਫੌਜੀ ਅਤੇ ਭਾਈ ਦਲਵਿੰਦਰ ਸਿੰਘ ਬਿੱਟੂ ਨੂੰ ਸ਼ਾਮਲ ਕੀਤਾ ਗਿਆ ਹੈ। ਉਨ੍ਹਾਂ ਸੰਗਤ ਨੂੰ ਭਰੋਸਾ ਦਿੱਤਾ ਕਿ ਪੁਲੀਸ ਸੱਤ ਦਿਨਾਂ ਵਿੱਚ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਕੇ ਸਖ਼ਤ ਕਾਨੂੰਨੀ ਕਾਰਵਾਈ ਕਰੇਗੀ। ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ।

About Sting Operation

Leave a Reply

Your email address will not be published. Required fields are marked *

*

themekiller.com