ਸੁਖਬੀਰ ਦੇ ਖ਼ਿਲਾਫ਼ ਪ੍ਰਚਾਰ ਤੋਂ ਸਿਅਾਸਤ ਗਰਮਾੲੀ


ਚੰਡੀਗੜ੍ਹ, (ਸਟਿੰਗ ਆਪ੍ਰੇਸ਼ਨ ਬਿਊਰੋ)-ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵਲੋਂ ਇੰਡੀਅਨ ਨੈਸ਼ਨਲ ਲੋਕ ਦਲ ਦੀ ਰੋਹਤਕ ਰੈਲੀ ਵਿਚ ਕੀਤੇ ਭਾਸ਼ਣ ਤੋਂ ਹਰਿਆਣਾ ਦੀ ਭਾਜਪਾ ਸਰਕਾਰ ਅੌਖੀ ਹੈ ਤੇ ਹਰਿਆਣਾ ਭਾਜਪਾ ਦੇ ਪ੍ਰਧਾਨ ਸੁਭਾਸ਼ ਬਰਾਲਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਕੇਂਦਰ ਸਰਕਾਰ ਵਿਚ ਭਾਈਵਾਲ ਹੈ ਤੇ ਇਸ ਲਈ ਭਾਈਵਾਲ ਪਾਰਟੀ ਦੀ ਸਰਕਾਰ ਦੇ ਖਿਲਾਫ ਫਰੰਟ ਖੋਲ੍ਹਣ ਤੋਂ ਪਹਿਲਾਂ ਉਨ੍ਹਾਂ ਨੂੰ ਦਸ ਵਾਰ ਸੋਚਣਾ ਚਾਹੀਦਾ ਹੈ। ਦੂਜੇ ਪਾਸੇ ਪੰਜਾਬ ਪ੍ਰਦੇਸ਼ ਕਾਂਗਰਸ ਨੇ ਵੀ ਉਪ ਮੁੱਖ ਮੰਤਰੀ ਨੂੰ ਕਈ ਸੁਆਲ ਕੀਤੇ ਹਨ।
ਸ੍ਰੀ ਬਰਾਲਾ ਨੇ ਕਿਹਾ ਹੈ ਕਿ ਭਾਜਪਾ ਸਰਕਾਰ ਸੂਬੇ ਵਿਚ ਵਿਕਾਸ ਕਰਵਾ ਰਹੀ ਹੈ। ਇਸ ਲਈ ਅਕਾਲੀ ਦਲ ਦੇ ਪ੍ਰਧਾਨ ਦੀਆਂ ਟਿੱਪਣੀਆਂ ਵਾਜਬ ਨਹੀਂ ਹਨ। ਉਨ੍ਹਾਂ ਨੇ ਇਨੈਲੋ ਵਲੋਂ ਬਿਜਲੀ ਬਿਲਾਂ ਦੇ ਬਾਈਕਾਟ ਦਾ ਸੱਦਾ ਦੇਣ ਦਾ ਵਿਰੋਧ ਕਰਦਿਅਾਂ ਕਿਹਾ ਕਿ ਇਨੈਲੋ ਆਗੂ ਪਹਿਲਾਂ ਵੀ ਗੈਰ ਜ਼ਿੰਮੇਵਾਰਾਨਾ ਵਿਹਾਰ ਕਰ ਚੁੱਕੇ ਹਨ। ਬਿਜਲੀ ਕੰਪਨੀਆਂ ਸਿਰ ਚਡ਼੍ਹੇ ਕਰਜ਼ੇ ਦੇ ਹੱਲ ਲਈ ਰਾਜ ਸਰਕਾਰ ਨੂੰ ਕੁਝ ਕਦਮ ਤਾਂ ਚੁੱਕਣੇ ਹੀ ਪੈਣੇ ਸਨ। ੲਿਸ ਦੇ ਦੂਜੇ ਪਾਸੇ ਕੇਂਦਰੀ ਮੰਤਰੀ ਵੈਂਕਈਆ ਨਾਇਡੂ ਨੇ ਪੰਜਾਬ ਦੇ ੳੁਪ ਮੁੱਖ ਮੰਤਰੀ ਵਲੋਂ ਹਰਿਆਣਾ ਵਿਚ ਇਨੈਲੋ ਦੀ ਸਟੇਜ ਤੋਂ ਸੂਬਾਈ ਸਰਕਾਰ ’ਤੇ ਸ਼ਬਦੀ ਹਮਲੇ ਬਾਰੇ ਕਿਹਾ ਕਿ ਭਾਜਪਾ ਦਾ ਸ਼੍ਰੋਮਣੀ ਅਕਾਲੀ ਦਲ ਨਾਲ ਕੇਵਲ ਪੰਜਾਬ ਵਿਚ ਗਠਜੋੜ ਹੈ ਤੇ ਅਕਾਲੀ ਦਲ ਪੰਜਾਬ ਤੋਂ ਬਾਹਰ ਜਾ ਕੇ ਕੁਝ ਵੀ ਕਹਿ ਸਕਦੇ ਹਨ, ਉਸ ਨਾਲ ਭਾਜਪਾ ਦਾ ਕੋਈ ਲੈਣਾ ਦੇਣਾ ਨਹੀਂ ਹੈ। ਵਰਨਣਯੋਗ ਹੈ ਕਿ ਪਿਛਲੀਆਂ ਵਿਧਾਨ ਸਭਾ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ ਦਾ ਇਨੈਲੋ ਨਾਲ ਗੱਠਜੋੜ ਸੀ ਤੇ ਦਲ ਨੇ ਇਨੈਲੋ ਦੇ ਹੱਕ ਵਿਚ ਕਈ ਚੋਣ ਰੈਲੀਆਂ ਨੂੰ ਸੰਬੋਧਨ ਕੀਤਾ ਸੀ। ਉਸ ਵੇਲੇ ਵੀ ਭਾਜਪਾ ਹਰਿਆਣਾ ਦੇ ਪ੍ਰਧਾਨ ਨੇ ਕੇਂਦਰੀ ਲੀਡਰਸ਼ਿਪ ਨੂੰ ਪੱਤਰ ਲਿਖ ਕੇ ਅਕਾਲੀ ਆਗੂਆਂ ਨੂੰ ਹਰਿਆਣਾ ਵਿਚ ਇਨੈਲੋ ਦੇ ਹੱਕ ਵਿਚ ਪ੍ਰਚਾਰ ਕਰਨ ਤੋਂ ਰੋਕਣ ਦੀ ਮੰਗ ਕੀਤੀ ਸੀ ਪਰ ਹੁਣ ਤਾਂ ਭਾਜਪਾ ਦੀ ਕੌਮੀ ਲੀਡਰਸ਼ਿਪ ਨੇ ਸਥਿਤੀ ਸਪੱਸ਼ਟ ਕਰ ਦਿੱਤੀ ਹੈ।
ਇਸ ਦੌਰਾਨ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਉਪ ਮੁੱਖ ਮੰਤਰੀ ਬਾਦਲ ਨੂੰ ਸੁਆਲ ਕਰਦਿਅਾਂ ਕਿਹਾ ਹੈ ਕਿ ਉਨ੍ਹਾਂ ਨੂੰ ਸੂਬੇ ਦੇ ਲੋਕਾਂ ਨੂੰ ਦੱਸਣਾ ਚਾਹੀਦਾ ਹੈ ਕਿ ਉਹ ਭਾਜਪਾ ਨਾਲ ਹਨ ਜਾਂ ਇਨੈਲੋ ਨਾਲ। ਉਹ ਦੋ ਬੇੜੀਅਾਂ ਵਿਚ ਸਵਾਰ ਹੋ ਕੇ ਕਿਹੜੇ ਨਵੇਂ ਮਿਆਰ ਕਾਇਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਲੋਕਾਂ ਦੇ ਵਿਰੋਧ ਕਾਰਨ ਉਪ ਮੁੱਖ ਮੰਤਰੀ ਜਨਤਕ ਪ੍ਰੋਗਰਾਮਾਂ ਵਿਚ ਸ਼ਿਰਕਤ ਕਰਨ ਤੋਂ ਝਿਜਕਦੇ ਹਨ। ਇਸ ਲਈ ਹਰਿਆਣਾ ਵਿਚ ਉਨ੍ਹਾਂ ਨੇ ਆਪਣੇ ਮਿੱਤਰਾਂ ਦਾ ਪਲੇਟਫਾਰਮ ਵਰਤ ਲਿਆ। ਉਨ੍ਹਾਂ ਕਿਹਾ ਕਿ ਸੂਬੇ ਦੇ ਲੋਕਾਂ ਅਤੇ ਉਨ੍ਹਾਂ ਦੇ ਮਸਲਿਆਂ ਤੋਂ ਮੂੰਹ ਫੇਰਨ ਨਾਲ ਕੰਮ ਨਹੀਂ ਚੱਲਣਾ।

About Sting Operation

Leave a Reply

Your email address will not be published. Required fields are marked *

*

themekiller.com