ਆਪਣੇ ਬਲਬੂਤੇ ਹੀ ਅੱਗੇ ਵਧਣਾ ਹੈ: ਆਲੀਆ ਭੱਟ

* ‘ਸ਼ਾਨਦਾਰ’ ਫ਼ਿਲਮ ਤੇ ਆਪਣੇ ਕਿਰਦਾਰ ਬਾਰੇ ਦੱਸੋ?
– ਸ਼ਾਨਦਾਰ ਇੱਕ ਵੱਖਰੀ ਦੁਨੀਆਂ ਦੀ ਫ਼ਿਲਮ ਹੈ ਜਿਸ ਦੀ ਕਲਪਨਾ ਨਿਰਦੇਸ਼ਕ ਵਿਕਾਸ ਬਹਿਲ ਨੇ ਕੀਤੀ। ਇਹ ਓਨੀਂਦਰੇ ਤੋਂ ਪੀੜਤ ਦੋ ਇਨਸਾਨਾਂ ਦੀ ਕਹਾਣੀ ਹੈ। ਮੇਰੀ ਭੈਣ ਸ਼ਾਹੀਨ ਵੀ ਉਨੀਂਦਰੇ ਦੀ ਸ਼ਿਕਾਰ ਹੈ। ਫ਼ਿਲਮ ਵਿੱਚ ਮੈਂ ਆਲੀਆ ਨਾਮ ਦੀ ਮੁਟਿਆਰ ਦਾ ਕਿਰਦਾਰ ਨਿਭਾਇਆ ਹੈ ਜੋ ਇੱਕ ਪਾਗਲ ਜਿਹੀ ਸਾਧਾਰਨ ਕੁੜੀ ਹੈ ਅਤੇ ੳੁਸ ਨੂੰ ਘੁੰਮਣਾ ਬਹੁਤ ਪਸੰਦ ਹੈ। ਉਸ ਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ ਤਾਂ ਉਹ ਰਾਤ ਨੂੰ ਉੱਠ ਕੇ ਲੈਪਟਾਪ ਜਾਂ ਕੰਪਿਊਟਰ ’ਤੇ ਪੜ੍ਹਾਈ ਕਰਨ ਬਹਿ ਜਾਂਦੀ ਹੈ। ਉਹ ਓਨੀਂਦਰੇ ਤੋਂ ਪ੍ਰੇਸ਼ਾਨ ਇੱਕ ਨੌਜਵਾਨ ਨੂੰ ਵੀ ਰਾਤ ਨੂੰ ਹੀ ਮਿਲਦੀ ਹੈ। ਅਸਲ ਵਿੱਚ ਇਹ ਓਨੀਂਦਰੇ ਦੇ ਸ਼ਿਕਾਰ ਦੋ ਇਨਸਾਨਾਂ ਦੀ ਵੱਖਰੀ ਤਰ੍ਹਾਂ ਦੀ ਪ੍ਰੇਮ ਕਹਾਣੀ ਹੈ।
* ਆਲੀਆ ਭੱਟ ਤੇ ‘ਸ਼ਾਨਦਾਰ’ ਦੀ ਆਲੀਆ ’ਚ ਕੀ ਫ਼ਰਕ ਹੈ?
– ਆਲੀਆ ਭੱਟ ਬਹੁਤ ਜਲਦੀ ਤਣਾਅ ’ਚ ਆ ਜਾਂਦੀ ਹੈ ਜਦੋਂਕਿ ‘ਸ਼ਾਨਦਾਰ’ ਦੀ ਆਲੀਆ ਤਣਾਅ ’ਚ ਵੀ ਖ਼ੁਸ਼ੀ ਲੱਭ ਲੈਂਦੀ ਹੈ। ਮੈਂ ਨਿੱਜੀ ਜ਼ਿੰਦਗੀ ’ਚ ਬਹੁਤ ਟੈਨਸ਼ਨ ਲੈਂਦੀ ਹਾਂ ਜਦੋਂਕਿ ਅਸੀਂ ਜਾਣਦੇ ਹਾਂ ਕਿ ਤਣਾਅ ’ਚ ਰਹਿ ਕੇ ਕੰਮ ਕਰਨ ਨਾਲ ਕੰਮ ਵਿਗੜਦਾ ਹੈ। ਇਨਸਾਨ ਨੂੰ ਖ਼ੁਸ਼ੀ-ਖ਼ੁਸ਼ੀ ਜ਼ਿੰਦਗੀ ਜਿਊਣੀ ਚਾਹੀਦੀ ਹੈ। ਸਾਨੂੰ ਜਿਊਣ ਲਈ ਇੱਕ ਹੀ ਜ਼ਿੰਦਗੀ ਮਿਲਦੀ ਹੈ, ਉਸ ਨੂੰ ਮਾਨਣਾ ਚਾਹੀਦਾ ਹੈ। ‘ਸ਼ਾਨਦਾਰ’ ਫ਼ਿਲਮ ਵੀ ਇਹੀ ਕਹਿੰਦੀ ਹੈ ਕਿ ਸ਼ਾਨਦਾਰ ਜ਼ਿੰਦਗੀ ਨੂੰ ਸ਼ਾਨਦਾਰ ਢੰਗ ਨਾਲ ਜਿਊਣਾ ਚਾਹੀਦਾ ਹੈ।
* ਫ਼ਿਲਮ ‘ਸ਼ਾਨਦਾਰ’ ਵਿੱਚ ਤੁਹਾਡੇ ਬਿਕਨੀ ਪਹਿਨਣ ਦੀ ਚਰਚਾ ਸਭ ਤੋਂ ਜ਼ਿਆਦਾ ਹੋਈ ਹੈ?
– ਕਿਉਂਕਿ ਮੈਂ ਲੰਮੇ ਸਮੇਂ ਬਾਅਦ ਬਿਕਨੀ ਪਹਿਨੀ ਹੈ। ਇਸ ਲਈ ਮੈਂ ਸਰੀਰ ਨੂੰ ਵੀ ਉਸ ਮੁਤਾਬਕ ਫਿੱਟ ਕੀਤਾ।
* ਸ਼ਾਹਿਦ ਕਪੂਰ ਬਾਰੇ ਕੀ ਕਹੋਗੇ?
– ਉਹ ਇੱਕ ਬਿਹਤਰੀਨ ਕਲਾਕਾਰ ਹਨ। ਉਹ ਹਮੇਸ਼ਾਂ ਕੁਝ ਨਵਾਂ ਕਰਨ ਦੀ ਕੋਸ਼ਿਸ਼ ਕਰਦੇ ਹਨ। ਸੈੱਟ ’ਤੇ ਉਨ੍ਹਾਂ ਦੀ ਕੋਸ਼ਿਸ਼ ਹੁੰਦੀ ਹੈ ਕਿ ਸਾਹਮਣੇ ਵਾਲਾ ਕਲਾਕਾਰ ਵੀ ਬਿਹਤਰੀਨ ਕੰਮ ਕਰੇ। ਉਹ ਸਾਥੀ ਕਲਾਕਾਰ ਨੂੰ ਬਹੁਤ ਉਤਸ਼ਾਹਿਤ ਕਰਦੇ ਹਨ। ਮੈਨੂੰ ‘ਕਮੀਨੇ’ ਸਮੇਤ ਉਨ੍ਹਾਂ ਦੀ ਹਰ ਫ਼ਿਲਮ ਪਸੰਦ ਹੈ।
* ਸ਼ਾਹਿਦ ਕਪੂਰ ਨਾਲ ਡਾਂਸ ਕਰਨਾ ਕਿੰਨਾ ਕੁ ਮੁਸ਼ਕਲ ਰਿਹਾ?
– ਸ਼ਾਹਿਦ ਨਾਲ ਡਾਂਸ ਕਰਨ ਦਾ ਮਤਲਬ ਹੈ ਆਪਣੇ ਆਪ ਨੂੰ ਬਹੁਤ ਤਿਆਰ ਕਰਨਾ। ਮੈਂ ਪੰਜ ਵਜੇ ਸੈੱਟ ਤੋਂ ਘਰ ਜਾਂਦੀ ਸੀ। ਛੇ ਵਜੇ ਸੌਂਦੀ ਸੀ ਅਤੇ ਫਿਰ 10 ਵਜੇ ਉੱਠ ਕੇ ਰਿਹਰਸਲ ਹਾਲ ’ਚ ਪਹੁੰਚ ਕੇ ਗੀਤ ਦੀ ਰਿਹਰਸਲ ਕਰਦੀ ਸੀ।
* ਤੁਸੀਂ ਮਹੇਸ਼ ਭੱਟ ਨਾਲ ਕੋਈ ਫ਼ਿਲਮ ਨਹੀਂ ਕਰ ਰਹੇ?
– ਮੈਂ ਆਪਣੇ ਡੈਡੀ ਨਾਲ ਵੀ ਕੰਮ ਕਰਨਾ ਹੈ, ਪਰ ਸ਼ਰਤ ਇਹ ਹੈ ਕਿ ਸਕ੍ਰਿਪਟ ਮੇਰੇ ਪਸੰਦ ਦੀ ਆਵੇ। ਸਿਰਫ਼ ਆਪਣੇ ਡੈਡੀ ਨਾਲ ਕੰਮ ਕਰਨ ਲਈ ਮੈਂ ਕੋਈ ਵੀ ਫ਼ਿਲਮ ਨਹੀਂ ਕਰ ਸਕਦੀ।
* ਕੋਈ ਹੋਰ ਇੱਛਾ…?
– ਰੋਹਿਤ ਸ਼ੈਟੀ ਦੀਆਂ ਕਾਮੇਡੀ ਫ਼ਿਲਮਾਂ ਵਰਗੀ ਫ਼ਿਲਮ ਕਰਨ ਦੀ ਇੱਛਾ ਹੈ। ਕੋਈ ਜੀਵਨੀ ਆਧਾਰਿਤ ਫ਼ਿਲਮ ਦੀ ਪੇਸ਼ਕਸ਼ ਹੋਵੇ ਤਾਂ ਉਹ ਵੀ ਕਰਨਾ ਚਾਹਾਂਗੀ।
* ਹੋਰ ਕਿਹੜੀਆਂ ਫ਼ਿਲਮਾਂ ਕਰ ਰਹੇ ਹੋ?
– ਅਭਿਸ਼ੇਕ ਚੌਬੇ ਦੇ ਨਿਰਦੇਸ਼ਨ ’ਚ ‘ਉਡਤਾ ਪੰਜਾਬ’ ਕਰ ਰਹੀ ਹਾਂ ਜਿਸ ਵਿੱਚ ਮੇਰੇ ਨਾਲ ਕਰੀਨਾ ਕਪੂਰ, ਸ਼ਾਹਿਦ ਕਪੂਰ ਤੇ ਮਿਲਿੰਦ ਸੋਮਨ ਨੇ। ਇਸ ਤੋਂ ਇਲਾਵਾ ਇਆਨ ਮੁਖਰਜੀ ਦੇ ਨਿਰਦੇਸ਼ਨ ’ਚ ਫ਼ਿਲਮ ‘ਕਪੂਰ ਐਂਡ ਸੰਨਜ਼’ ਕਰ ਰਹੀ ਹਾਂ ਜਿਸ ਵਿੱਚ ਮੇਰੇ ਨਾਲ ਰਣਬੀਰ ਕਪੂਰ ਹਨ।
* ਕਿਹਾ ਜਾ ਰਿਹਾ ਹੈ ਕਿ ਤੁਸੀਂ ਕੰਗਨਾ ਰਾਣੌਤ ਦੇ ਪਦਚਿੰਨ੍ਹਾਂ ’ਤੇ ਚੱਲ ਰਹੇ ਹੋ?
– ਮੈਂ ਕੰਗਨਾ ਦੇ ਰਸਤੇ ’ਤੇ ਨਹੀਂ ਚੱਲ ਰਹੀ ਹਾਂ। ਮੇਰਾ ਮੰਨਣਾ ਹੈ ਕਿ ਤੁਸੀਂ ਜਿੰਨਾ ਕਿਸੇ ਹੋਰ ਦੇ ਰਸਤੇ ’ਤੇ ਚੱਲਣ ਦੀ ਕੋਸ਼ਿਸ਼ ਕਰੋਗੇ, ਓਨਾ ਹੀ ਕੰਮ ਗੜਬੜ ਹੁੰਦਾ ਹੈ। ਇਸ ਲਈ ਮੈਂ ਕਿਸੇ ਹੋਰ ਦੇ ਪਦਚਿੰਨ੍ਹਾਂ ’ਤੇ ਚੱਲਣ ਦੀ ਬਜਾਇ ਆਪਣੇ ਬਲਬੂਤੇ ਅੱਗੇ ਵਧਣ ’ਚ ਯਕੀਨ ਰੱਖਦੀ ਹਾਂ।
(ਸਟਿੰਗ ਆਪ੍ਰੇਸ਼ਨ ਬਿਊਰੋ)

About Sting Operation

Leave a Reply

Your email address will not be published. Required fields are marked *

*

themekiller.com