ਕੇਜਰੀਵਾਲ ਨੇ ਆਖਰ ਕੌੜਾ ਸੱਚ ਕਬੂਲਿਆ

kejriwal ne
ਚੰਡੀਗੜ੍ਹ: ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਆਖਰ ਕੌੜਾ ਸੱਚ ਕਬੂਲ ਕਰ ਲਿਆ ਹੈ। ਪੰਜਾਬ, ਗੋਆ ਤੇ ਦਿੱਲੀ ਵਿੱਚ ਮਿਲੀਆਂ ਹਾਰਾਂ ਤੋਂ ਬਾਅਦ ਉਨ੍ਹਾਂ ਮੰਨਿਆ ਹੈ ਕਿ ਕੁਝ ਗਲਤੀਆਂ ਹੋਈਆਂ ਹਨ। ਇਸ ਤੋਂ ਪਹਿਲਾਂ ਜਿਨ੍ਹਾਂ ਵੀ ਲੀਡਰਾਂ ਨੇ ਇਹ ਗੱਲ ਕਹੀ ਸੀ ਕੇਜਰੀਵਾਲ ਨੇ ਉਨ੍ਹਾਂ ਨੂੰ ਪਾਰਟੀ ਤੋਂ ਕੱਢ ਮਾਰਿਆ ਸੀ।

ਸ਼ਨੀਵਾਰ ਕੇਜਰੀਵਾਲ ਨੇ ਆਪਣੀ ਚੁੱਪੀ ਤੋੜਦਿਆਂ ਮੰਨਿਆ ਕਿ ਉਨ੍ਹਾਂ ਦੀ ਪਾਰਟੀ ਨੇ ਗ਼ਲਤੀਆਂ ਕੀਤੀਆਂ ਤੇ ਹੁਣ ਪਾਰਟੀ ਵੱਲੋਂ ‘ਆਤਮ ਵਿਸ਼ਲੇਸ਼ਣ’ ਕਰਨ ਤੇ ਸਭ ਦਰੁਸਤ ਕਰਨ ਦਾ ਸਮਾਂ ਹੈ। ਉਨ੍ਹਾਂ ਟਵਿੱਟਰ ’ਤੇ ਇੱਕ ਚਿੱਠੀ ਸਾਂਝੀ ਕੀਤੀ, ਜਿਸ ਵਿੱਚ ਲਿਖਿਆ, ‘‘ਬੀਤੇ ਦੋ ਦਿਨਾਂ ਵਿੱਚ ਮੈਂ ਆਪਣੇ ਕਾਰਕੁਨਾਂ ਤੇ ਵੋਟਰਾਂ ਨਾਲ ਵਿਚਾਰ ਕੀਤਾ। ਹਕੀਕਤ ਸਪੱਸ਼ਟ ਹੈ। ਹਾਂ, ਅਸੀਂ ਗ਼ਲਤੀਆਂ ਕੀਤੀਆਂ ਪਰ ਅਸੀਂ ਆਤਮ-ਵਿਸ਼ਲੇਸ਼ਣ ਕਰਾਂਗੇ ਤੇ ਉਨ੍ਹਾਂ ਨੂੰ ਸੁਧਾਰਾਂਗੇ।’’

ਮੁੜ ਨਵੀਂ ਸ਼ੁਰੂਆਤ ਦੇ ਇਰਾਦੇ ਨਾਲ ਉਨ੍ਹਾਂ ਕਿਹਾ, ‘‘ਹੁਣ ਫਿਰ ਡਰਾਇੰਗ ਬੋਰਡ ਵੱਲ ਪਰਤਣ ਦੀ ਲੋੜ ਹੈ।’’ ਪਾਰਟੀ ਕਾਰਕੁਨਾਂ ਦੀ ਅਹਿਮੀਅਤ ਨੂੰ ਸਮਝਦੇ ਹੋਏ ਉਨ੍ਹਾਂ ਕਿਹਾ,‘‘ਸਾਡੇ ਵੋਟਰ ਕਾਰਕੁਨ ਕੁਝ ਕਹਿਣਾ ਚਾਹੁੰਦੇ ਹਨ, ਇਹ ਅਸੀਂ ਆਪਣੇ ਆਪ ਨੂੰ ਕਹਿਣਾ ਚਾਹੁੰਦੇ ਹਾਂ। ਹੁਣ ਐਕਸ਼ਨ ਦੀ ਜ਼ਰੂਰਤ ਹੈ, ਕਿਸੇ ਬਹਾਨੇ ਦੀ ਲੋੜ ਨਹੀਂ। ਹੁਣ ਮੁੜ ਕੰਮ ਵੱਲ ਪਰਤਣ ਦਾ ਵੇਲਾ ਹੈ। ਜੇ ਅਸੀਂ ਸਮੇਂ ਸਮੇਂ ਤਿਲਕਦੇ ਵੀ ਹਾਂ ਤਾਂ ਉਸ ਦਾ ਤਰੀਕਾ ਇਹੀ ਹੈ ਕਿ ਅਸੀਂ ਉਸ ਤੋਂ ਸਬਕ ਸਿੱਖੀਏ ਤੇ ਅੱਗੇ ਵਧੀਏ।’’

ਕੇਜਰੀਵਾਲ ਜੋ ਪੰਜਾਬ ਵਿਧਾਨ ਸਭਾ ਚੋਣਾਂ ਤੇ ਦਿੱਲੀ ਨਗਰ ਨਿਗਮ ਚੋਣਾਂ ਦੌਰਾਨ ਹਾਰ ਦਾ ਕਾਰਨ ਗੜਬੜ ਵਾਲੀਆਂ ਵੋਟਿੰਗ ਮਸ਼ੀਨਾਂ ਨੂੰ ਦੱਸ ਰਹੇ ਸਨ, ਹੁਣ ਪਾਰਟੀ ਵਿੱਚ ਬਦਲਾਅ ਦੀ ਗੱਲ ਕਰਨ ਲੱਗੇ ਹਨ। ਇਸ ਤੋਂ ਪਹਿਲਾਂ ਵੀ ਕੇਜਰੀਵਾਲ ਨੇ 2013 ਦੀਆਂ ਵਿਧਾਨ ਸਭਾ ਚੋਣਾਂ ਮਗਰੋਂ ਕਾਂਗਰਸ ਦੀ ਮਦਦ ਨਾਲ 49 ਦਿਨ ਦੀ ਸਰਕਾਰ ਬਣਾ ਕੇ ਅਸਤੀਫ਼ਾ ਦੇਣ ਕਾਰਨ ਵੋਟਰਾਂ ਵਿੱਚ ਪੈਦਾ ਹੋਈ ਨਾਰਾਜ਼ਗੀ ਨੂੰ ਦੂਰ ਕਰਨ ਲਈ ਦਿੱਲੀ ਦੇ ਵੋਟਰਾਂ ਤੋਂ ਖੁੱਲ੍ਹੇ ਦਿਲ ਨਾਲ ਮੁਆਫ਼ੀ ਮੰਗੀ ਸੀ।

ਪਿਛਲੇ ਦਿਨਾਂ ਤੋਂ ਈਵੀਐਮ ਦੀ ਆਲੋਚਨਾ ਕਰਦੇ ਆ ਰਹੇ ਕੇਜਰੀਵਾਲ ਨੇ ਹੁਣ ਮਸ਼ੀਨਾਂ ਦਾ ਜ਼ਿਕਰ ਤੱਕ ਨਹੀਂ ਕੀਤਾ। 2015 ਵਿੱਚ ਦਿੱਲੀ ਵਿਧਾਨ ਸਭਾ ਦੀਆਂ 70 ਵਿੱਚੋਂ 67 ਸੀਟਾਂ ਜਿੱਤਣ ਵਾਲੀ ‘ਆਪ’ ਦਿੱਲੀ ਨਗਰ ਨਿਗਮ ਵਿੱਚ 270 ਵਾਰਡਾਂ ਵਿੱਚੋਂ ਸਿਰਫ਼ 48 ਜਿੱਤ ਸਕੀ। ਪਾਰਟੀ ਦੇ ਕੌਮੀ ਰਾਜਧਾਨੀ ਅੰਦਰ ਆਧਾਰ ਨੂੰ ਖੋਰਾ ਲੱਗਿਆ ਹੈ।

About Sting Operation

Leave a Reply

Your email address will not be published. Required fields are marked *

*

themekiller.com