ਜਾਣੋ ਜੀਐਸਟੀ ਤਹਿਤ ਅੰਤਮ ਟੈਕਸ ਰਿਟਰਨਾਂ ਭਰਨ ਲਈ ਤਰੀਕਾਂ

4
ਨਵੀਂ ਦਿੱਲੀ : ਕੇਂਦਰ ਸਰਕਾਰ ਨੇ ਵਸਤੂ ਅਤੇ ਸੇਵਾ ਕਰ (ਜੀਐਸਟੀ) ਤਹਿਤ ਜੁਲਾਈ ਅਤੇ ਅਗਸਤ ਲਈ ਅੰਤਮ ਟੈਕਸ ਰਿਟਰਨਾਂ ਭਰਨ ਲਈ ਤਰੀਕਾਂ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਵਿੱਤ ਮੰਤਰੀ ਅਰੁਣ ਜੇਤਲੀ ਦੀ ਅਗਵਾਈ ਹੇਠਲੀ ਜੀਐਸਟੀ ਪ੍ਰੀਸ਼ਦ ਨੇ ਜੂਨ ’ਚ ਕਾਰੋਬਾਰੀਆਂ ਨੂੰ ਫਾਰਮ ਜੀਐਸਟੀਆਰ-1, ਜੀਐਸਟੀਆਰ-2 ਅਤੇ ਜੀਐਸਟੀਆਰ-3 ਜੁਲਾਈ ਅਤੇ ਅਗਸਤ ਲਈ ਅੰਤਮ ਜੀਐਸਟੀ ਰਿਟਰਨ ਦਾਖ਼ਲ ਕਰਨ ਦੀ ਵਿਸਥਾਰਤ ਸਮਾਂ ਸੀਮਾ ਨੂੰ ਮਨਜ਼ੂਰੀ ਦੇ ਦਿੱਤੀ ਸੀ। ਅੰਤਰਿਮ ਸਮੇਂ ਦੌਰਾਨ ਕਾਰੋਬਾਰੀਆਂ ਨੂੰ ਜੀਐਸਟੀਆਰ-3ਬੀ ਦਾਖ਼ਲ ਕਰਨ ਲਈ ਕਿਹਾ ਗਿਆ ਸੀ ਜੋ ਦੇਣਦਾਰੀਆਂ ਦਾ ਵਿਸਥਾਰਤ ਬਿਉਰਾ ਹੈ। ਕੇਂਦਰੀ ਐਕਸਾਈਜ਼ ਅਤੇ ਕਸਟਮਜ਼ ਬੋਰਡ (ਸੀਬੀਈਸੀ) ਨੇ ਹੁਣ ਜੀਐਸਟੀ ਰਿਟਰਨ ਫਾਰਮ ਭਰਨ ਦੀਆਂ ਤਰੀਕਾਂ ਨੂੰ ਅਧਿਸੂਚਿਤ ਕਰ ਦਿੱਤਾ ਹੈ। ਨੋਟੀਫਿਕੇਸ਼ਨ ਮੁਤਾਬਕ ਫਾਰਮ ਜੀਐਸਟੀਆਰ-1 ’ਚ ਦੂਜੇ ਸੂਬਿਆਂ ’ਚ ਭੇਜੀ ਜਾਣ ਵਾਲੀ ਸਪਲਾਈ ਦਾ ਬਿਉਰਾ ਪਹਿਲੀ ਤੋਂ ਪੰਜ ਸਤੰਬਰ ਤੱਕ ਜਮਾਂ ਕਰਾਉਣਾ ਹੋਵੇਗਾ। ਅਗਸਤ ਲਈ ਇਸ ਨੂੰ 16 ਤੋਂ 20 ਸਤੰਬਰ ਤੱਕ ਜਮਾਂ ਕਰਾਉਣਾ ਹੋਵੇਗਾ। ਜੀਐਸਟੀਆਰ-1 ਜਮਾਂ ਕਰਾਉਣ ਦੀ ਅਸਲ ਤਰੀਕ 10 ਸਤੰਬਰ ਸੀ। ਆਪਣੇ ਕੋਲ ਆਉਣ ਵਾਲੇ ਸਾਮਾਨ ਦਾ ਬਿਉਰਾ 6 ਤੋਂ 10 ਸਤੰਬਰ ਤੱਕ ਫਾਰਮ ਜੀਐਸਟੀਆਰ-2 ’ਚ ਜਮਾਂ ਕਰਾਉਣਾ ਹੋਵੇਗਾ। ਅਗਸਤ ਲਈ ਇਹ 21 ਤੋਂ 25 ਸਤੰਬਰ ਹੈ।
ਜੀਐਸਟੀਆਰ-2 ਦਾਖ਼ਲ ਕਰਨ ਦੀ ਅਸਲ ਤਰੀਕ ਪਹਿਲਾਂ 15 ਸਤੰਬਰ ਸੀ। ਜੁਲਾਈ ਲਈ ਫਾਰਮ ਜੀਐਸਟੀਆਰ-3 11 ਤੋਂ ਸਤੰਬਰ ਅਤੇ ਅਗਸਤ ਲਈ ਇਹ 26 ਤੋਂ 30 ਸਤੰਬਰ ਤੱਕ ਜਮਾਂ ਕਰਾਉਣਾ ਪਏਗਾ। ਪਹਿਲਾਂ ਜੀਐਸਟੀਆਰ-3 ਦਾਖ਼ਲ ਕਰਾਉਣ ਦੀ ਅਸਲ ਤਰੀਕ 20 ਸਤੰਬਰ ਸੀ।
ਜੀਐਸਟੀਆਰ-3ਬੀ ਲਈ ਜੀਐਸਟੀ ਨੈੱਟਵਰਕ ਪੋਰਟਲ ਨੇ ਜੁਲਾਈ ਦੀਆਂ ਰਿਟਰਨਾਂ 5 ਅਗਸਤ ਤੋਂ ਭਰਨ ਦੀ ਸਹੂਲਤ ਸ਼ੁਰੂ ਕਰ ਦਿੱਤੀ ਹੈ। ਜੁਲਾਈ ਲਈ ਜੀਐਸਟੀਆਰ-3ਬੀ ਭਰਨ ਲਈ ਅੰਤਮ ਤਰੀਕ 20 ਅਗਸਤ ਹੈ। ਹੁਣ ਤੱਕ 71.30 ਲੱਖ ਤੋਂ ਵਧ ਐਕਸਾਈਜ਼, ਸਰਵਿਸ ਟੈਕਸ ਅਤੇ ਵੈਟ ਭਰਨ ਵਾਲੇ ਕਾਰੋਬਾਰੀ ਜੀਐਸਟੀਐਨ ਪੋਰਟਲ ਨਾਲ ਜੁੜ ਚੁੱਕੇ ਹਨ ਅਤੇ 15 ਲੱਖ ਨਵੇਂ ਕਾਰੋਬਾਰੀਆਂ ਨੇ ਆਪਣੇ ਆਪ ਨੂੰ ਦਰਜ ਕਰਵਾਇਆ ਹੈ।

About Sting Operation

Leave a Reply

Your email address will not be published. Required fields are marked *

*

themekiller.com