21 ਸਾਲਾ ਕਿਸਾਨ ਦਾ ਕਮਾਲ, ਖੇਤੀ ‘ਚੋਂ ਕਮਾਇਆ ਮੁਨਾਫਾ, ਦਿੱਤਾ ਲੋੜਵੰਦਾਂ ਨੂੰ ਰੁਜ਼ਗਾਰ..!

54 Gur_Farmer
ਗੁਰਦਾਸਪੁਰ(Pargat Singh Sadiora)- ਜ਼ਿਲ੍ਹੇ ਦੇ ਪਿੰਡ ਸਲੋਪੁਰ ਦੇ ਕਿਸਾਨ ਦੇ ਅਗਾਂਹਵਧੂ ਪੁੱਤ ਨੇ ਆਪਣੇ ਪੜ੍ਹਾਈ ਲਿਖਾਈ ਨੂੰ ਸਾਰਥਕ ਕਰਦਿਆਂ ਅਜਿਹੀ ਤਰਕੀਬ ਲਾਈ ਕਿ ਨਾਲੇ ਉਹ ਪਹਿਲਾਂ ਤੋਂ ਵੱਧ ਕਮਾਈ ਕਰ ਰਿਹਾ ਹੈ ਤੇ ਤਕਰੀਬਨ 20 ਲੋਕਾਂ ਨੂੰ ਰੁਜ਼ਗਾਰ ਵੀ ਦੇ ਰਿਹਾ ਹੈ। ਜੀ ਹਾਂ, ਗੰਨਾ ਕਿਸਾਨ ਸੁਰਜੀਤ ਸਿੰਘ ਦੇ ਪੁੱਤ ਕੌਸ਼ਲ ਸਿੰਘ ਨੇ ਆਪਣੇ ਗੰਨੇ ਨੂੰ ਚੀਨੀ ਮਿੱਲ ਭੇਜਣ ਦੀ ਥਾਂ ਆਪੇ ਹੀ ਉੱਚ ਗੁਣਵੱਤਾ ਦਾ ਗੁੜ ਬਣਾਉਣ ਦੇ ਉਪਰਾਲੇ ਨੇ ਉਨ੍ਹਾਂ ਦੇ ਨਾਲ-ਨਾਲ ਕਈ ਹੋਰ ਪਰਿਵਾਰਾਂ ਦੇ ਵੀ ਵਾਰੇ ਨਿਆਰੇ ਕਰ ਦਿੱਤੇ ਹਨ। 21 ਸਾਲ ਦਾ ਇਹ ਨੌਜਵਾਨ ਕਿਸਾਨ ਆਪਣੇ ਧੰਦੇ ਤੋਂ ਚੋਖਾ ਮੁਨਾਫਾ ਵੀ ਕਮਾ ਰਿਹਾ ਹੈ।
ਗੰਨਾ ਕਿਸਾਨਾਂ ਦਾ ਅੰਤਮ ਪੜਾਅ ਹੁੰਦਾ ਹੈ ਚੀਨੀ ਮਿੱਲ ਤੇ ਉੱਥੇ ਅਕਸਰ ਹੀ ਕਿਸਾਨਾਂ ਨਾਲ ਖੱਜਲ-ਖੁਆਰੀ ਹੁੰਦੀ ਹੈ ਪਰ ਕੌਸ਼ਲ ਸਿੰਘ ਨੇ ਆਪਣੇ ਪਿਤਾ ਨੂੰ ਗੰਨੇ ਦੀ ਖੇਤੀ ਤੋਂ ਬਾਅਦ ਮਿੱਲਾਂ ਦੇ ਧੱਕੇ ਖਾ ਕੇ ਪ੍ਰੇਸ਼ਾਨ ਹੁੰਦਾ ਵੇਖਿਆ ਸੀ। ਇਸ ਲਈ ਉਸ ਨੇ ਕਿਸਾਨਾਂ ਵੱਲੋਂ ਗੰਨੇ ਤੋਂ ਗੁੜ ਬਣਾ ਕੇ ਆਪ ਹੀ ਵੇਚਣ ਤੋਂ ਸਿੱਖਿਆ ਲਈ। ਜਦੋਂ ਉਹ 17 ਸਾਲ ਦਾ ਸੀ ਤਾਂ ਖੇਤੀਬਾੜੀ ਸ਼ੁਰੂ ਕਰ ਦਿੱਤੀ ਤੇ 2 ਸਾਲ ਆਮ ਕਿਸਾਨਾਂ ਵਾਂਗ ਗੁੜ ਵੇਚਿਆ। ਉਸ ਨੇ ਵੀ ਗੰਨੇ ਤੋਂ ਗੁੜ ਬਣਾਇਆ ਤੇ ਇਸ ਨੂੰ ਆਮ ਕਿਸਾਨਾਂ ਵਾਂਗ ਲੀਕ ਤੋਂ ਹਟ ਕੇ ਵੇਚਣਾ ਸ਼ੁਰੂ ਕਰ ਦਿੱਤਾ। ਬੀਤੇ 3 ਸਾਲਾਂ ਤੋਂ ਲਗਾਤਾਰ ਆਪਣੇ ਗੁੜ ਦੀ ਬ੍ਰੈਂਡਿੰਗ ਕਰ ਰਿਹਾ ਹੈ।
ਕੌਸ਼ਲ ਸਿੰਘ ਨੇ ਆਪਣੇ ਗੁੜ ਦੀ ‘ਬ੍ਰੈਂਡਿੰਗ’ ਕੀਤੀ ਤੇ ਇਸ ਨੂੰ ਸ਼ਹਿਰਾਂ ਵਿੱਚ ਵੇਚਣਾ ਸ਼ੁਰੂ ਕੀਤਾ। ਕੇਨ ਫਾਰਮਜ਼ (Cane Farms) ਦੇ ਨਾਂ ਤੋਂ ਰਜਿਸਟਰ ਗੁੜ ਬ੍ਰੈਂਡ ਦੇ ਮਾਲਕ ਕੌਸ਼ਲ ਸਿੰਘ ਨੇ ਪੰਜਾਬ ਦੀ ਇਸ ਮਸ਼ਹੂਰ ‘ਮਿੱਠੇ’ ਨੂੰ ਕੌਮਾਂਤਰੀ ਪੱਧਰ ਦੇ ਮਿਆਰਾਂ ਹੇਠ ਤਿਆਰ ਕੀਤਾ ਹੈ। ਕੇਨ ਫਾਰਮਜ਼ ਬ੍ਰਾਂਡ ਦੇ ਗੁੜ ਨੂੰ ਜੀ.ਐਸ.ਟੀ. ਨੰਬਰ ਦੇ ਤਹਿਤ ਵੇਚਿਆ ਜਾਂਦਾ ਹੈ। ਖ਼ਾਸ ਗੱਲ ਇਹ ਵੀ ਹੈ ਕਿ ਇਸ ਦੀ ਪੈਕਿੰਗ ‘ਤੇ ‘ਬਾਰ-ਕੋਡ’ ਵੀ ਲੱਗਾ ਹੋਇਆ ਹੈ।
ਕੇਨ ਫਾਰਮਜ਼ ਬ੍ਰਾਂਡ ਵਿੱਚ ਗੁੜ ਦੇ ਕਈ ਉਤਪਾਦ ਜਿਵੇਂ ਡ੍ਰਾਈ ਫਰੂਟਸ ਗੁੜ, ਪੇਸੀ ਵਾਲਾ ਗੁੜ, ਮਸਾਲਾ ਗੁੜ, ਸ਼ੱਕਰ-ਗੁੜ ਅਤੇ ਵੱਖ-ਵੱਖ ਪੰਜ ਪ੍ਰੋਡਕਟਸ ਬਾਜ਼ਾਰ ਵਿੱਚ ਉਤਾਰੇ ਹਨ। ਕੌਸ਼ਲ ਸਿੰਘ ਨੇ ਦੱਸਿਆ ਕਿ ਉਸ ਦਾ ਕੇਨ ਫਾਰਮਜ਼ ਜਿੱਥੇ ਪੰਜਾਬ ਦੇ ਲਗਪਗ ਸਾਰੇ ਛੋਟੇ-ਵੱਡੇ ਸ਼ਹਿਰਾਂ ‘ਚ ਵਿਕ ਰਿਹਾ ਹੈ ਉੱਥੇ ਹੀ ਹਿਮਾਚਲ ਵਿੱਚ ਵੀ ਸਪਲਾਈ ਕੀਤੀ ਜਾ ਰਹੀ ਹੈ। ਕੌਸ਼ਲ ਸਿੰਘ ਨੇ ਦੱਸਿਆ ਕਿ ਵਧਦੀ ਮੰਗ ਕਾਰਨ ਉਨ੍ਹਾਂ ਨੂੰ ਹੋਰਨਾਂ ਕਿਸਾਨਾਂ ਤੋਂ ਵੀ ਗੁੜ ਖਰੀਦਣਾ ਪੈ ਰਿਹਾ ਹੈ। ਕੌਸ਼ਲ ਸਿੰਘ ਨੇ ਕਿਹਾ ਕਿ ਮਿੱਲ ਵਿੱਚ ਗੰਨਾ ਵੇਚਣ ਨਾਲੋਂ ਉਹ ਆਪਣੇ ਬ੍ਰੈਂਡ ਤੋਂ ਕਿਤੇ ਵੱਧ ਕਮਾ ਰਿਹਾ ਹੈ। ਇਸ ਦੇ ਨਾਲ ਹੀ ਉਸ ਨੇ ਕਿਹਾ ਕਿ ਬੀਤੇ ਦੋ ਸਾਲਾਂ ਦਾ ਘਾਟਾ ਉਸ ਨੇ 2017 ਵਿੱਚ ਪੂਰਾ ਕਰ ਲਿਆ ਹੈ।
ਇਹ ਨੌਜਵਾਨ ਉੱਦਮੀ ਫਿਲਹਾਲ ਖੇਤੀਬਾੜੀ ਵਿੱਚ ਗ੍ਰੈਜੂਏਸ਼ਨ ਕਰ ਰਿਹਾ ਹੈ। ਆਪਣੀ ਵਿੱਦਿਆ ਨੂੰ ਉਸ ਨੇ ਨਾ ਸਿਰਫ ਆਪਣੇ ਤੇ ਆਪਣੇ ਪਰਿਵਾਰ ਲਈ ਵਰਤਿਆ ਹੈ, ਬਲਕਿ ਕੌਸ਼ਲ ਸਿੰਘ ਦੀ ਇਸ ਪਹਿਲ ਕਾਰਨ ਪਿੰਡ ਵਿੱਚ ਤਕਰੀਬਨ 20-25 ਲੋਕਾਂ ਨੂੰ ਰੁਜ਼ਗਾਰ ਵੀ ਮਿਲਿਆ ਹੈ। ਗੁੜ ਬਣਾਉਣ, ਉਸ ਦੀ ਪੈਕਿੰਗ ਤੇ ਲੇਬਲ ਲਾਉਣ ਦਾ ਕੰਮ ਉਸ ਨੇ ਕਾਬਲੀਅਤ ਦੇ ਮੁਤਾਬਕ ਪਿੰਡ ਦੀਆਂ ਔਰਤਾਂ ਦੇ ਬੰਦਿਆਂ ਹਵਾਲੇ ਕੀਤਾ ਹੋਇਆ ਹੈ। ਜਿੱਥੇ ਕੌਸ਼ਲ ਇਨ੍ਹਾਂ ਲੋੜਵੰਦਾਂ ਤੋਂ ਦੀਆਂ ਅਸੀਸਾਂ ਮਿਲ ਰਹੀਆਂ ਹਨ, ਉੱਥੇ ਹੀ ਪਿੰਡ ਵਾਲਿਆਂ ਤੋਂ ਪ੍ਰਸ਼ੰਸਾ ਵੀ ਖੱਟ ਰਿਹਾ ਹੈ। ਦੇਸ਼ ਨੂੰ ਅਜਿਹੇ ਉੱਦਮੀਆਂ ਦੀ ਸਖ਼ਤ ਲੋੜ ਹੈ।

About Sting Operation

Leave a Reply

Your email address will not be published. Required fields are marked *

*

themekiller.com