ਕਵੀ ਗੱਗ ‘ਤੇ ਪਰਚਾ ਦਰਜ ਕਰਨ ਖ਼ਿਲਾਫ ਉੱਠੀ ਆਵਾਜ਼..!

32 Surjit_Gag

ਚੰਡੀਗੜ੍ਹ(Sting Operation)- ਪੰਜਾਬੀ ਕਵੀ ਸੁਰਜੀਤ ਗੱਗ ‘ਤੇ 295-ਏ ਤਹਿਤ ਹੋ ਰਹੀਆਂ ਕਾਨੂੰਨੀ ਕਰਵਾਈ ਖ਼ਿਲਾਫ ਪੰਜਾਬ ਦੇ ਸਾਹਿਤਕਾਰ ਤੇ ਕੇਂਦਰੀ ਪੰਜਾਬੀ ਲੇਖਕ ਸਭਾ ਨੇ ਆਵਾਜ਼ ਬੁਲੰਦ ਕੀਤੀ ਹੈ। ਬੀਤੇ ਦਿਨ ਧਾਰਾ 295-ਏ ਤਹਿਤ ਹਿੰਦੂ ਭਾਵਨਾਵਾਂ ਆਹਤ ਕਰਨ ਦਾ ਪਰਚਾ ਦਰਜ ਹੋਇਆ ਹੈ। ਕੁਝ ਮਹੀਨੇ ਪਹਿਲਾਂ ਹੀ ਗੱਗ ਖ਼ਿਲਾਫ ਗੁਰੂ ਨਾਨਕ ਦੇਵ ਜੀ ਬਾਰੇ ਲਿਖ਼ੀ ਕਵਿਤਾ ‘ਤੇ ਵੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਵੱਲੋਂ ਪਰਚਾ ਦਰਜ ਕਰਵਾਇਆ ਗਿਆ ਸੀ ਜਿਸ ‘ਤੇ ਉਹ ਜ਼ਮਾਨਤ ‘ਤੇ ਬਾਹਰ ਆਇਆ ਹੈ।
ਕੇਂਦਰੀ ਸਭਾ ਦੇ ਪ੍ਰਧਾਨ ਡਾ. ਸਰਬਜੀਤ ਸਿੰਘ ਅਤੇ ਜਨਰਲ ਸਕੱਤਰ ਸੁਸ਼ੀਲ ਦੁਸਾਂਝ ਨੇ ਸੁਰਜੀਤ ਗੱਗ ਖ਼ਿਲਾਫ਼ ਪੁਲਿਸ ਦੀ ਇਸ ਤਾਜ਼ਾ ਕਾਰਵਾਈ ਨੂੰ ਲੇਖਕਾਂ ਦੇ ਲਿਖਣ ਬੋਲਣ ਦੇ ਸੰਵਿਧਾਨਿਕ ਹੱਕ ਉਪਰ ਹਮਲਾ ਦੱਸਿਆ ਹੈ। ਉਨ੍ਹਾਂ ਕਿਹਾ ਹੈ ਕਿ ਇਹ ਧਾਰਾ 295-ਏ ਦੀ ਨੰਗੀ ਚਿੱਟੀ ਦੁਰਵਰਤੋਂ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਲਿਖਤ ਨਾਲ ਸਹਿਮਤੀ ਜਾਂ ਅਸਹਿਮਤੀ ਹਰ ਵਿਅਕਤੀ ਦਾ ਅਧਿਕਾਰ ਹੈ ਤੇ ਇਸ ਅਧਿਕਾਰ ਦੀ ਵਰਤੋਂ ਦਾ ਤਰੀਕਾ ਅਤੇ ਸਲੀਕਾ ਸੰਵਾਦ ਦੀ ਭਾਸ਼ਾ ਹੀ ਹੈ ਨਾ ਕਿ ਪਰਚੇ ਦਰਜ ਕਰ ਕੇ ਡਰਾਉਣ ਧਮਕਾਉਣ ਦੀ ਨੀਤੀ।
ਹੋਰ ਸਾਹਿਕਾਰਾਂ ਨੇ ਵੀ ਕਿਹਾ ਹੈ ਕਿ ਸੁਰਜੀਤ ਗੱਗ ਉਪਰ ਤਾਜ਼ਾ ਪਰਚੇ ਲਈ ਆਧਾਰ ਉਸ ਲਿਖਤ ਨੂੰ ਬਣਾਇਆ ਗਿਆ ਹੈ, ਜੋ ਲਗਭਗ ਦੋ ਸਾਲ ਪਹਿਲਾਂ ਲਿਖੀ ਗਈ ਸੀ। ਹਿੰਦੂ ਭਾਵਨਾਵਾਂ ਨੂੰ ਸੱਟ ਮਾਰਨ ਦਾ ਬਹਾਨਾ ਬਣਾ ਕੇ ਪੰਜਾਬ ਇੰਟੈਲੀਜੈਂਸ ਦੇ ਏ.ਆਈ.ਜੀ. ਦੀ ਸ਼ਿਕਾਇਤ ‘ਤੇ ਡੀ.ਐਸ.ਪੀ. ਸ੍ਰੀ ਆਨੰਦਪੁਰ ਸਾਹਿਬ ਦੀ ਜਾਂਚ ਦਾ ਹਵਾਲਾ ਦੇ ਕੇ ਕੇਸ ਦਰਜ ਕਰਨਾ ਸਪੱਸ਼ਟ ਕਰਦਾ ਹੈ ਕਿ ਸਰਕਾਰ ਨੂੰ ਅਸਹਿਮਤੀ ਦੀ ਕੋਈ ਵੀ ਆਵਾਜ਼ ਪ੍ਰਵਾਨ ਨਹੀਂ ਹੈ।
ਕੇਂਦਰੀ ਪੰਜਾਬੀ ਲੇਖਕ ਸਭਾ ਨੇ ਸਮੂਹ ਲੇਖਕ ਭਾਈਚਾਰੇ ਨੂੰ ਇਸ ਤਾਜ਼ਾ ਮਾਮਲੇ ਵਿਚ ਸੁਰਜੀਤ ਗੱਗ ਦੇ ਨਾਲ ਖੜ੍ਹਨ ਦੀ ਅਪੀਲ ਕੀਤੀ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਸੁਰਜੀਤ ਗੱਗ ਖ਼ਿਲਾਫ਼ ਦਰਜ ਕੀਤਾ ਪਰਚਾ ਤੁਰੰਤ ਰੱਦ ਕੀਤਾ ਜਾਵੇ ਤੇ ਇਹ ਯਕੀਨੀ ਬਣਾਇਆ ਜਾਵੇ ਕਿ ਭਵਿੱਖ ਵਿਚ ਕਿਸੇ ਵੀ ਵਿਅਕਤੀ ਵਿਰੁੱਧ ਧਾਰਾ 295-ਏ ਦੀ ਦੁਰਵਰਤੋਂ ਨਾ ਹੋਵੇ।

About Sting Operation

Leave a Reply

Your email address will not be published. Required fields are marked *

*

themekiller.com