ਸੈਂਸਰ ਬੋਰਡ ਦੇ ਦਫਤਰ ਅੱਗੇ ਕਰਣੀ ਸੈਨਾ ਦਾ ਰੋਸ ਵਿਖਾਵਾ, 96 ਹਿਰਾਸਤ ‘ਚ

44 deepika
ਮੁੰਬਈ(Sting Operation)- ਫਿਲਮ ‘ਪਦਮਾਵਤ’ ਦੀ ਰਿਲੀਜ਼ ਤੋਂ ਪਹਿਲਾਂ ਮਚਿਆ ਘਮਾਸਾਨ ਹੁਣ ਸੈਂਸਰ ਬੋਰਡ ਦੇ ਦਫਤਰ ਤਕ ਪਹੁੰਚ ਗਿਆ ਹੈ। ਸੰਜੇ ਲੀਲਾ ਭੰਸਾਲੀ ਦੀ ਫਿਲਮ ਦਾ ਨਾਂ ‘ਪਦਮਾਵਤੀ’ ਤੋਂ ਬਦਲ ਕੇ ‘ਪਦਮਾਵਤ’ ਕਰਨ ਸਮੇਤ ਕਈ ਤਬਦੀਲੀਆਂ ਦਾ ਰਾਜਪੂਤ ਕਰਣੀ ਸੈਨਾ ‘ਤੇ ਕੋਈ ਅਸਰ ਨਹੀਂ ਦਿਸ ਰਿਹਾ। ਸ਼ੁੱਕਰਵਾਰ ਨੂੰ ਮੁੰਬਈ ‘ਚ ਕੇਂਦਰੀ ਫਿਲਮ ਪ੍ਰਮਾਣਨ ਬੋਰਡ ਦੇ ਦਫਤਰ ਨੂੰ ਕਰਣੀ ਸੈਨਾ ਦੇ ਵਰਕਰਾਂ ਨੇ ਘੇਰ ਲਿਆ। ਇਸ ਦੌਰਾਨ ਹੰਗਾਮਾ ਕਰਦੇ ਹੋਏ ਵਿਖਾਵਾਕਾਰੀਆਂ ਨੇ ਨਾਅਰੇਬਾਜ਼ੀ ਕੀਤੀ। ਹਾਲਾਤ ‘ਤੇ ਕਾਬੂ ਪਾਉਣ ਲਈ ਪੁਲਸ ਨੇ ਕਰਣੀ ਸੈਨਾ ਦੇ 96 ਵਰਕਰਾਂ ਨੂੰ ਹਿਰਾਸਤ ‘ਚ ਲੈ ਲਿਆ।
ਇਸ ਰੋਸ ਵਿਖਾਵੇ ਨੂੰ ਦੇਖਦੇ ਹੋਏ ਇਲਾਕੇ ‘ਚ ਪਹਿਲਾਂ ਹੀ ਸਖਤ ਸੁਰੱਖਿਆ ਪ੍ਰਬੰਧ ਕੀਤੇ ਹੋਏ ਸਨ। ਇਸ ਦੌਰਾਨ ਛੋਟੇ-ਛੋਟੇ ਸਮੂਹਾਂ ‘ਚ ਆ ਰਹੇ ਵਿਖਾਵਾਕਾਰੀਆਂ ਨੂੰ ਪੁਲਸ ਨੇ ਮੌਕੇ ਤੋਂ ਹਟਾਇਆ। ਹਿਰਾਸਤ ‘ਚ ਲਏ ਗਏ ਲੋਕਾਂ ਨੂੰ ਸੈਂਸਰ ਬੋਰਡ ਦੇ ਦਫਤਰ ਤੋਂ ਗਾਂਮਦੇਵੀ ਪੁਲਸ ਥਾਣੇ ਲਿਜਾਇਆ ਗਿਆ। ਇਸੇ ਦਰਮਿਆਨ ਫਿਲਮ ਦੀ ਰਿਲੀਜ਼ ‘ਤੇ ਰੋਕ ਨੂੰ ਲੈ ਕੇ ਅੜੇ ਵਿਖਾਵਾਕਾਰੀਆਂ ਦਾ ਕਹਿਣਾ ਹੈ ਕਿ ਸਿਰਫ ਫਿਲਮ ਦਾ ਨਾਂ ਬਦਲਣਾ ਢੁਕਵਾਂ ਨਹੀਂ। ਕਰਣੀ ਸੈਨਾ ਦਾ ਕਹਿਣਾ ਹੈ ਕਿ ਫਿਲਮ ‘ਤੇ ਪੂਰੇ ਦੇਸ਼ ‘ਚ ਪਾਬੰਦੀ ਲਾਈ ਜਾਵੇ। ਇਸ ਤੋਂ ਘੱਟ ਉਨ੍ਹਾਂ ਨੂੰ ਕੁਝ ਵੀ ਮਨਜ਼ੂਰ ਨਹੀਂ।
ਮੱਧ ਪ੍ਰਦੇਸ਼ ਅਤੇ ਗੁਜਰਾਤ ‘ਚ ਵੀ ਫਿਲਮ ‘ਤੇ ਲੱਗੀ ਪਾਬੰਦੀ
ਸੈਂਸਰ ਬੋਰਡ ਨੇ ਬੇਸ਼ੱਕ ਇਸ ਫਿਲਮ ਦਾ ਨਾਂ ਬਦਲ ਕੇ ਰਿਲੀਜ਼ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ ਪਰ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਨੇ ਐਲਾਨ ਕੀਤਾ ਹੈ ਕਿ ਉਹ ਆਪਣੇ ਸੂਬੇ ‘ਚ ਫਿਲਮ ਨੂੰ ਰਿਲੀਜ਼ ਨਹੀਂ ਹੋਣ ਦੇਣਗੇ। ਬੇਸ਼ੱਕ ਨਾਂ ਬਦਲ ਦਿੱਤਾ ਗਿਆ ਹੋਵੇ। ਚੌਹਾਨ ਨੇ ਸ਼ੁੱਕਰਵਾਰ ਸਵੇਰੇ ਪੱਤਰਕਾਰਾਂ ਨੂੰ ਕਿਹਾ, ”ਜੋ ਕਹਿ ਦਿੱਤਾ, ਸੋ ਕਹਿ ਦਿੱਤਾ। ਅਸੀਂ ਆਪਣੇ ਸੂਬੇ ਵਿਚ ਫਿਲਮ ਰਿਲੀਜ਼ ਨਹੀਂ ਹੋਣ ਦਿਆਂਗੇ।”
ਓਧਰ ਗੁਜਰਾਤ ਸਰਕਾਰ ਨੇ ਵੀ ਫੈਸਲਾ ਕੀਤਾ ਹੈ ਕਿ ‘ਪਦਮਾਵਤ’ ਸੂਬੇ ਦੇ ਸਿਨੇਮਾਘਰਾਂ ‘ਚ ਨਹੀਂ ਪ੍ਰਦਰਸ਼ਿਤ ਕੀਤੀ ਜਾਵੇਗੀ। ਮੁੱਖ ਮੰਤਰੀ ਵਿਜੇ ਰੂਪਾਣੀ ਨੇ ਐਲਾਨ ਕੀਤਾ ਹੈ ਕਿ ਗੁਜਰਾਤ ਵਿਚ ਫਿਲਮ ਨੂੰ ਕਿਸੇ ਵੀ ਤਰ੍ਹਾਂ ਰਿਲੀਜ਼ ਨਹੀਂ ਹੋਣ ਦਿੱਤਾ ਜਾਵੇਗਾ। ਸੂਬੇ ਦੇ ਕਈ ਹਿੱਸਿਆਂ ‘ਚ ਵੀ ਇਸ ਫਿਲਮ ਵਿਰੁੱਧ ਰੋਸ ਵਿਖਾਵੇ ਹੋਣ ਦੀ ਗੱਲ ਸਾਹਮਣੇ ਆਈ ਹੈ।

About Sting Operation

Leave a Reply

Your email address will not be published. Required fields are marked *

*

themekiller.com