ਚੰਡੀਗੜ੍ਹ(Sting Operation)- ਪੰਜਾਬ ਕੈਬਨਿਟ ਦੀ ਮੀਟਿੰਗ ਅੱਜ ਮੰਤਰੀ ਨਵਜੋਤ ਸਿੱਧੂ ਨੂੰ ਲੈ ਕੇ ਚਰਚਾ ‘ਚ ਹੈ। ਸਿੱਧੂ ਨੂੰ ਜਦੋਂ ਅੱਜ ਪ੍ਰੈੱਸ ਕਾਨਫਰੰਸ ਦੌਰਾਨ ਪੁੱਛਿਆ ਗਿਆ ਕਿ ਤੁਸੀਂ ਕੈਬਿਨਟ ਮੀਟਿੰਗ ‘ਚ ਜਾਓਗੇ ? ਤਾਂ ਪਹਿਲਾਂ ਸਿੱਧੂ ਨੇ ਕਿਹਾ ‘ਟਾਈਮ ਦੱਸੂਗਾ’। ਦੂਜੇ ਪਾਸੇ ਜਦੋਂ ਪ੍ਰੈੱਸ ਕਾਨਫਰੰਸ ਖ਼ਤਮ ਹੋਣ ‘ਤੇ ਇੱਕ ਪੱਤਰਕਾਰ ਨੇ ਸਿੱਧੂ ਨੂੰ ਕੈਬਨਿਟ ਮੀਟਿੰਗ ‘ਚ ਜਾਣ ਬਾਰੇ ਪੁੱਛਿਆ ਤਾਂ ਉਨ੍ਹਾਂ ਕਿਹਾ ਹਾਂ ਕਿਉਂ ਨਹੀਂ ਮੈਂ ਮੀਟਿੰਗ ‘ਚ ਜਾਵਾਂਗਾ। ਅਜਿਹੇ ‘ਚ ਸਿੱਧੂ ਬਾਰੇ ਅਜੇ ਵੀ ਉਲਝਣ ਬਣੀ ਹੋਈ ਹੈ।
ਤ੍ਰਿਪਤ ਰਜਿੰਦਰ ਬਾਜਵਾ ਦੀ ਸਿੱਧੂ ਦੇ ਘਰ ਦਾ ਦਰਵਾਜ਼ਾ ਨਾ ਖੋਲ੍ਹਣ ਦੀ ਨਾਰਾਜ਼ਗੀ ਬਾਰੇ ਉਨ੍ਹਾਂ ਕਿਹਾ, ‘ਜਦੋਂ ਕੋਈ ਘਰ ਹੀ ਨਹੀਂ ਸੀ ਤਾਂ ਗੇਟ ਕੌਣ ਖੋਲ੍ਹਦਾ। ਉਨ੍ਹਾਂ ਕਿਹਾ ਜਦੋਂ ਮੈਂ ਬੋਲਿਆ ਸੀ ਤਾਂ ਉਦੋਂ ਤਾਂ ਮੈਨੂੰ ਕੋਈ ਮਨਾਉਣ ਨਹੀਂ ਆਇਆ ਬਾਅਦ ‘ਚ ਮੈਂ ਘਰ ਨਹੀਂ ਸੀ। ਦੱਸਣਯੋਗ ਹੈ ਕਿ ਅੱਜ ਕੈਬਨਿਟ ਮੀਟਿੰਗ ‘ਚ ਸੂਬੇ ਦੇ ਸੀਮਤ ਹਿੱਸੇ ਵਿੱਚ ਖੇਤੀਬਾੜੀ ਟਿਊਬਵੈੱਲਾਂ ‘ਤੇ ਬਿਜਲੀ ਮੀਟਰ ਲਾਉਣ, ਗ੍ਰਹਿ ਵਿਭਾਗ ਦੇ ਇੱਕ ਮਾਮਲੇ ਤੇ ਵਿੱਤ ਵਿਭਾਗ ਤੇ ਯੋਜਨਾ ਵਿਭਾਗ ਦੇ ਪੁਨਰਗਠਨ ਸਮੇਤ ਕੁਝ ਹੋਰ ਏਜੰਡਿਆਂ ‘ਤੇ ਫੈਸਲੇ ਲਏ ਜਾਣ ਦੀ ਉਮੀਦ ਹੈ।
ਇਸ ਦੇ ਨਾਲ ਹੀ ਬੈਠਕ ਵੱਲੋਂ ਬਠਿੰਡਾ ਰਿਫਾਇਨਰੀ ਨੂੰ ਸਨਅਤੀ ਨੀਤੀ ਅਨੁਸਾਰ ਦਿੱਤੀਆਂ ਜਾਣ ਵਾਲੀਆਂ ਰਿਆਇਤਾਂ ‘ਤੇ ਵਿਚਾਰ ਕੀਤਾ ਜਾਵੇਗਾ। ਲਕਸ਼ਮੀ ਮਿੱਤਲ ਗਰੁੱਪ ਦੇ ਇਸ ਪ੍ਰਾਜੈਕਟ ‘ਚ ਕੋਈ 19,000 ਕਰੋੜ ਰੁਪਏ ਦਾ ਨਿਵੇਸ਼ ਕਰਕੇ ਰਿਫਾਇਨਰੀ ਦੀ ਮੌਜੂਦਾ ਸਮਰਥਾ ਨੂੰ ਦੁੱਗਣਾ ਕਰਨ ਦਾ ਫੈਸਲਾ ਲਿਆ ਗਿਆ ਹੈ। ਐਡਵੋਕੇਟ ਜਨਰਲ ਦੇ ਵਿਭਾਗ ‘ਚ ਐਲ.ਆਰ. ਦੀਆਂ ਵਾਧੂ ਅਸਾਮੀਆਂ ਰਚੇ ਜਾਣ ਦੀ ਵੀ ਤਜਵੀਜ਼ ਹੈ, ਜਿਸ ‘ਤੇ ਵੀ ਮੰਤਰੀ ਮੰਡਲ ਵੱਲੋਂ ਮੋਹਰ ਲਾਈ ਜਾ ਸਕਦੀ ਹੈ।