ਬਠਿੰਡਾ(Pargat Singh Sadiora)- ਸਿੱਖ ਪ੍ਰਚਾਰਕ ਬਲਜੀਤ ਸਿੰਘ ਦਾਦੂਵਾਲ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੂੰ ਡੇਰਾ ਸਿਰਸਾ ਮੁਖੀ ਰਾਮ ਰਹੀਮ ਦਾ ਚੇਲਾ ਕਿਹਾ ਹੈ। ਉਨ੍ਹਾਂ ਕਿਹਾ ਕਿ ਲਿਫਾਫੇ ਵਿੱਚੋਂ ਕੱਢੇ ਜਾਂਦੇ ਜਥੇਦਾਰ ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਲਿਫਾਫੇਬਾਜ਼ੀ ਵਾਲੀਆਂ ਗੱਲਾਂ ਹੀ ਕਰਦੇ ਹਨ।
ਦਾਦੂਵਾਲ ਨੇ ਲੌਂਗੋਵਾਲ ਵੱਲੋਂ ਗੁਰਬਾਣੀ ਦੀਆਂ ਤੁਕਾਂ ਨੂੰ ਤੋੜ ਮਰੋੜ ਕੇ ਪੇਸ਼ ਕਰਨ ਦੇ ਮਾਮਲੇ ਨੂੰ ਮੰਦਭਾਗਾ ਕਿਹਾ। ਉਨ੍ਹਾਂ ਕਿਹਾ ਕਿ ਲੌਂਗੋਵਾਲ ਦੇ ਪ੍ਰਧਾਨ ਬਣਨ ਮੌਕੇ ਵੀ ਇਹੀ ਗੱਲ ਆਖੀ ਸੀ ਕਿ ਬਾਦਲਾਂ ਨੇ ਸਿੱਖ ਰਵਾਇਤਾਂ ਤੇ ਸ਼੍ਰੋਮਣੀ ਕਮੇਟੀ ਦਾ ਕਿਰਿਆ ਕਰਮ ਪਹਿਲਾਂ ਹੀ ਕੀਤਾ ਹੈ ਤੇ ਲੌਂਗੋਵਾਲ ਨੂੰ ਪ੍ਰਧਾਨ ਬਣਾ ਕੇ ਹੁਣ ਸੋਹਲਾ ਪੜ੍ਹ ਦਿੱਤਾ ਹੈ।
ਉਨ੍ਹਾਂ ਕਿਹਾ ਕਿ ਜਿਸ ਇਨਸਾਨ ਨੂੰ ਬਾਣੀ ਨਹੀਂ ਆਉਂਦੀ, ਉਸ ਬੰਦੇ ਨੂੰ ਸਿੱਖਾਂ ਦੀ ਸਰਬ ਉੱਚ ਸੰਸਥਾ ਦਾ ਪ੍ਰਧਾਨ ਬਣਾਇਆ ਹੋਇਆ ਹੈ। ਉਨ੍ਹਾਂ ਕਿਹਾ ਕਿ ਵੋਟਾਂ ਲੈਣ ਲਈ ਸਿਰਸਾ ਡੇਰਾ ਮੁਖੀ ਅੱਗੇ ਗੋਡੇ ਟੇਕਣ ਵਾਲਾ ਰਾਮ ਰਹੀਮ ਦਾ ਚੇਲਾ ਸ਼੍ਰੋਮਣੀ ਕਮੇਟੀ ਨੂੰ ਕਿਵੇਂ ਚਲਾ ਸਕਦਾ ਹੈ? ਦਾਦੂਵਾਲ ਨੇ ਕਿਹਾ ਕਿ ਲੌਂਗੋਵਾਲ ਨੂੰ ਪ੍ਰਧਾਨ ਬਣਾਉਣਾ ਸਿੱਖ ਧਰਮ ਨੂੰ ਖਤਮ ਕਰਨ ਤੇ ਸ਼੍ਰੋਮਣੀ ਸੰਸਥਾਵਾਂ ਨੂੰ ਖਤਮ ਕਰਨ ਲਈ ਬਾਦਲਾਂ ਦੀ ਬਹੁਤ ਵੱਡੀ ਸਾਜ਼ਿਸ਼ ਹੈ।
ਦਾਦੂਵਾਲ ਨੇ ਕਿਹਾ ਕਿ ਧੱਕੇ ਨਾਲ ਹੀ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਬਣਾਇਆ ਗਿਆ ਹੈ। ਧੱਕੇ ਨਾਲ ਹੀ ਤਖ਼ਤਾਂ ਉੱਪਰ ਕਬਜ਼ੇ ਕੀਤੇ ਹੋਏ ਹਨ। ਲਿਫਾਫਿਆਂ ਵਿੱਚੋਂ ਹੀ ਜਥੇਦਾਰ ਨਿਕਲਦੇ ਹਨ ਤੇ ਲਿਫਾਫਿਆਂ ਵਿੱਚੋਂ ਸ਼੍ਰੋਮਣੀ ਕਮੇਟੀ ਪ੍ਰਧਾਨ ਜੋ ਲਿਫਾਫੇਬਾਜ਼ੀ ਵਾਲੀਆਂ ਹੀ ਗੱਲਾਂ ਕਰਦੇ ਹਨ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਲੌਂਗੋਵਾਲ ਨੂੰ ਆਪਣੀ ਇਸ ਗਲਤੀ ਲਈ ਪੂਰੀ ਸਿੱਖ ਕੌਮ ਤੋਂ ਮੁਆਫੀ ਮੰਗਣੀ ਚਾਹੀਦੀ ਹੈ। ਜੇਕਰ ਉਹ ਮੁਆਫੀ ਨਹੀਂ ਮੰਗਦੇ ਤਾਂ ਸਿੰਘ ਸਾਹਿਬਾਨ ਉਨ੍ਹਾਂ ਬਾਰੇ ਫੈਸਲਾ ਲੈਣਗੇ।
ਪਿਛਲੇ ਦਿਨੀਂ ਗੁਰਦੁਆਰਾ ਸਾਹਿਬ ਵਿੱਚ ਦਲਿਤਾਂ ਨਾਲ ਭੇਦਭਾਵ ਦੇ ਮਾਮਲੇ ਬਾਰੇ ਦਾਦੂਵਾਲ ਨੇ ਕਿਹਾ ਕਿ ਇਹ ਬਹੁਤ ਗਲਤ ਗੱਲ ਹੈ। ਉਹ ਇਸ ਦੀ ਨਿਖੇਧੀ ਕਰਦੇ ਹਨ। ਸ਼੍ਰੋਮਣੀ ਕਮੇਟੀ ਦੀ ਚੋਣ ਵਿੱਚ ਹੀ ਜਾਤਪਾਤ ਦਾ ਕਾਲਮ ਬਣਿਆ ਹੋਇਆ ਹੈ ਜੋ ਬਹੁਤ ਗਲਤ ਹੈ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਦੀ ਬਾਣੀ ਵਿੱਚ ਕਿਤੇ ਵੀ ਵਿਤਕਰੇ ਦੀ ਥਾਂ ਨਹੀਂ ਪਰ ਗੁਰਦੁਆਰਿਆਂ ਵਿੱਚ ਇਹੋ ਜਿਹੇ ਲੋਕ ਕਾਬਜ਼ ਹੋਏ ਹਨ ਜੋ ਮਨੁੱਖਤਾ ਵਿੱਚ ਵੰਡੀਆਂ ਪਾ ਰਹੇ ਹਨ।