ਭਾਰਤੀ ਸ਼ਹੀਦਾਂ ਲਈ ਫਰਾਂਸ ਚ ਲੱਗੇਗਾ ਥ੍ਰੀ-ਡੀ ਸਟੈਚੂ

30 army
ਜਲੰਧਰ(Sting Operation)- ਹਿੰਦੁਸਤਾਨੀ ਫੌਜੀਆਂ ਦੀ ਪਹਿਲੀ ਸੰਸਾਰ ਜੰਗ ਦੀ ਸ਼ਹਾਦਤ ਦੇ ਇਤਿਹਾਸ ਨੂੰ ਯਾਦ ਕਰਨ ਲਈ ਫਰਾਂਸ ਵਿੱਚ ਰਹਿ ਰਹੇ ਰਮੇਸ਼ ਚੰਦਰ ਵੋਹਰਾ ਇੱਕ ਸਟੈਚੂ ਫਰਾਂਸ ਵਿੱਚ ਲਵਾਉਣਗੇ। ਪਹਿਲੀ ਸੰਸਾਰ ਜੰਗ ਵਿੱਚ ਲੱਖਾਂ ਹਿੰਦੁਸਤਾਨੀ ਫ਼ੌਜੀਆਂ ਨੂੰ ਲੜਨ ਲਈ ਕਈ ਮੁਲਕਾਂ ਵਿੱਚ ਭੇਜਿਆ ਗਿਆ ਸੀ। ਜ਼ਿਆਦਾਤਰ ਮੁਲਕ ਠੰਢੇ ਸਨ ਤੇ ਭਾਰਤੀ ਫ਼ੌਜੀਆਂ ਨੂੰ ਨਿੱਕਰਾਂ ਵਿੱਚ ਹੀ ਭੇਜ ਦਿੱਤਾ ਗਿਆ ਸੀ। ਪਹਿਲੀ ਸੰਸਾਰ ਜੰਗ ਵਿੱਚ ਅੰਦਾਜ਼ਨ 80 ਹਜ਼ਾਰ ਸੈਨਿਕ ਸ਼ਹੀਦ ਹੋਏ ਸਨ।
ਚੰਡੀਗੜ੍ਹ ਦੇ ਆਰਸੀ ਵੋਹਰਾ ਪਿਛਲੇ 45 ਸਾਲ ਤੋਂ ਫਰਾਂਸ ਵਿੱਚ ਰਹਿ ਰਹੇ ਹਨ। ਸਟੈਚੂ ਉੱਤਰ ਪ੍ਰਦੇਸ਼ ਦੇ ਮੇਰਠ ਵਿੱਚ ਬਣ ਰਿਹਾ ਹੈ। ਇਸ ਲਈ ਉਹ ਅੱਜ ਕੱਲ੍ਹ ਇੰਡੀਆ ਆਏ ਹੋਏ ਹਨ। ਉਨ੍ਹਾਂ ਕਿਹਾ ਕਿ ਜਦ ਮੈਂ ਫਰਾਂਸ ਗਿਆ ਸੀ ਤਾਂ ਮੇਰੇ ਕੋਲ ਸਿਰਫ਼ 8 ਡਾਲਰ ਸਨ। ਮੈਨੂੰ ਫਰਾਂਸ ਨੇ ਬਹੁਤ ਕੁਝ ਦਿੱਤਾ। ਫਰਾਂਸ ਤੇ ਜਰਮਨੀ ਦੇ ਬਾਰਡਰ ‘ਤੇ ਭਾਰਤੀ ਸ਼ਹੀਦਾਂ ਦੀ ਯਾਦ ਵਿੱਚ ਕਾਫ਼ੀ ਕੁਝ ਲਿਖਿਆ ਹੋਇਆ ਹੈ। ਮੈਂ ਜਦੋਂ ਵੀ ਉਧਰੋਂ ਲੰਘਦਾ ਪੜ੍ਹਦਾ ਸੀ, ਮੈਨੂੰ ਲੱਗਿਆ ਕਿ ਕੁਝ ਆਪਣੇ ਸ਼ਹੀਦਾਂ ਵਾਸਤੇ ਕੀਤਾ ਜਾਵੇ। ਇਸ ਲਈ ਅਸੀਂ ਇਹ ਸਟੈਚੂ ਬਣਵਾ ਰਹੇ ਹਾਂ।
ਆਰਸੀ ਵੋਹਰਾ ਪਹਿਲੀ ਸੰਸਾਰ ਜੰਗ ਵਿੱਚ ਸ਼ਹੀਦ ਹੋਏ ਹਿੰਦੁਸਤਾਨੀਆਂ ਬਾਰੇ ਇੱਕ ਕਿਤਾਬ ਵੀ ਲਿਖ ਰਹੇ ਹਨ ਜਿਹੜੀ ਮੁਕੰਮਲ ਹੋ ਚੁੱਕੀ ਹੈ। ਜਲਦ ਹੀ ਇਸ ਨੂੰ ਰਿਲੀਜ਼ ਕੀਤਾ ਜਾਵੇਗਾ। ਇਸ ਦੀ ਖ਼ਾਸੀਅਤ ਇਹ ਹੈ ਕਿ ਇਸ ਵਿੱਚ ਪਹਿਲੀ ਸੰਸਾਰ ਜੰਗ ਵਿੱਚ ਸ਼ਹੀਦ ਹੋਏ 26 ਫ਼ੌਜੀਆਂ ਦੀਆਂ ਤਸਵੀਰਾਂ ਲੱਗੀਆਂ ਹਨ। ਇਹ ਤਸਵੀਰਾਂ ਫਰਾਂਸ ਦੇ 1914 ਤੋਂ 1918 ਤੱਕ ਦੇ ਅਖ਼ਬਾਰਾਂ ਵਿੱਚੋਂ ਲਈਆਂ ਗਈਆਂ ਹਨ। ਇਸ ਤੋਂ ਇਲਾਵਾ ਜੰਗੀ ਫ਼ੌਜੀਆਂ ਬਾਰੇ ਤਫ਼ਸੀਲ ਵਿੱਚ ਲਿਖਿਆ ਹੋਇਆ ਹੈ।
11 ਨਵੰਬਰ 2018 ਨੂੰ ਪਹਿਲੀ ਸੰਸਾਰ ਜੰਗ ਖ਼ਤਮ ਹੋਏ ਪੂਰੇ 100 ਸਾਲ ਹੋ ਜਾਣਗੇ। ਇਸੇ ਦਿਨ ਫਰਾਂਸ ਵਿੱਚ ਇਹ ਸਟੈਚੂ ਲਾਇਆ ਜਾਵੇਗਾ। ਸਟੈਚੂ ਤਾਂਬੇ ਦਾ ਬਣਵਾਇਆ ਜਾ ਰਿਹਾ ਹੈ ਜਿਸ ‘ਤੇ ਕਰੀਬ ਡੇਢ ਕਰੋੜ ਰੁਪਏ ਦਾ ਖਰਚਾ ਆਵੇਗਾ। ਥ੍ਰੀ-ਡੀ ਸਟੈਚੂ ਵਿੱਚ ਹਿੰਦੂ, ਮੁਸਲਿਮ, ਸਿੱਖ ਤੇ ਇਸਾਈ ਫ਼ੌਜੀ ਨੂੰ ਵਿਖਾਇਆ ਗਿਆ ਹੈ।

About Sting Operation

Leave a Reply

Your email address will not be published. Required fields are marked *

*

themekiller.com