ਸਿੱਧੂ ਧੜੇ ਨੇ ਨਹੀਂ ਚੁੱਕੀ ਕੌਂਸਲਰ ਵਜੋਂ ਸਹੁੰ..!

53 Amritsar-mayor
ਅੰਮ੍ਰਿਤਸਰ(Pargat Singh Sadiora)- ਕੈਬਨਿਟ ਮੰਤਰੀ ਨਵਜੋਤ ਸਿੱਧੂ ਵੱਲੋਂ ਕੱਲ੍ਹ ‘ਏਬੀਪੀ ਸਾਂਝਾ’ ‘ਤੇ ਮੇਅਰਾਂ ਦੀ ਚੋਣ ਬਾਰੇ ਜਾਣਕਾਰੀ ਨਾ ਹੋਣ ਦੇ ਖੁਲਾਸੇ ਮਗਰੋਂ ਅੱਜ ਉਨ੍ਹਾਂ ਦੇ ਸਮਰਥਕ ਕੌਂਸਲਰ ਵੀ ਹਾਊਸ ਦੀ ਪਹਿਲੀ ਬੈਠਕ ਵਿੱਚ ਸ਼ਾਮਲ ਨਹੀਂ ਹੋਏ। ਇਨ੍ਹਾਂ ਕੌਂਸਲਰਾਂ ਦਾ ਕਹਿਣਾ ਹੈ ਕਿ ਜੇਕਰ ਸਾਡੇ ਲੀਡਰ ਨੂੰ ਹੀ ਸੱਦਾ ਨਹੀਂ ਦਿੱਤਾ ਗਿਆ ਤਾਂ ਅਸੀਂ ਹਾਊਸ ਵਿੱਚ ਜਾ ਕੇ ਸਹੁੰ ਕਿਉਂ ਚੁੱਕੀਏ।
ਅੱਜ ਅੰਮ੍ਰਿਤਸਰ ਦੇ ਮਿਊਂਸੀਪਲ ਕਾਰਪੋਰੇਸ਼ਨ ਦਫਤਰ ਵਿੱਚ ਜਿੱਤੇ ਕੌਂਸਲਰਾਂ ਨੇ ਸਹੁੰ ਚੁੱਕੀ। ਇਸ ਤੋਂ ਬਾਅਦ ਮੇਅਰ ਦੇ ਨਾਲ-ਨਾਲ ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਦੀ ਚੋਣ ਕੀਤੀ ਗਈ। ਦੂਜੇ ਪਾਸੇ ਹਾਊਸ ਵਿੱਚ ਕਈ ਕੁਰਸੀਆਂ ਖਾਲੀ ਨਜ਼ਰ ਆਈਆਂ। ਇਨ੍ਹਾਂ ਖਾਲੀ ਕੁਰਸੀਆਂ ਵਿੱਚ ਨਵਜੋਤ ਸਿੱਧੂ ਤੇ ਉਨ੍ਹਾਂ ਦੇ ਸਮਰਥਕ ਕੌਂਸਲਰਾਂ ਦੀਆਂ ਕੁਰਸੀਆਂ ਖਾਲੀ ਸਨ।
ਜਦੋਂ ਹਾਊਸ ਦੀ ਕਾਰਵਾਈ ਚੱਲ ਰਹੀ ਸੀ ਤਾਂ ਇਹ ਸਾਰੇ ਕੌਂਸਲਰ ਅੰਮ੍ਰਿਤਸਰ ਦੇ ਹੋਟਲ ਵਿੱਚ ਬੈਠਕ ਕਰ ਰਹੇ ਸੀ। ਇਨ੍ਹਾਂ ਦਾ ਕਹਿਣਾ ਹੈ ਕਿ ਅਸੀਂ ਅੱਜ ਹਾਊਸ ਵਿੱਚ ਜਾਣ ਲਈ ਤਿਆਰ ਹੋ ਕੇ ਘਰੋਂ ਨਿਕਲੇ ਸੀ ਪਰ ਜਦੋਂ ਪਤਾ ਲੱਗਿਆ ਕਿ ਸਾਡੀ ਅਗਵਾਈ ਕਰਨ ਵਾਲਾ ਸਾਡਾ ਵਿਧਾਇਕ ਤੇ ਕੈਬਨਿਟ ਮੰਤਰੀ ਨਵਜੋਤ ਸਿੱਧੂ ਹੀ ਉੱਥੇ ਨਹੀਂ ਜਾ ਰਿਹਾ ਤਾਂ ਫਿਰ ਸਾਡਾ ਉੱਥੇ ਜਾਣਾ ਸ਼ੋਭਾ ਨਹੀਂ ਦਿੰਦਾ। ਇਨ੍ਹਾਂ ਦਾ ਕਹਿਣਾ ਹੈ ਕਿ ਸਾਡੇ ਲੀਡਰ ਨੂੰ ਸੱਦਾ ਨਾ ਦੇ ਕੇ ਸਰਕਾਰ ਨੇ ਉਨ੍ਹਾਂ ਪ੍ਰਤੀ ਆਪਣੀ ਨਾਰਾਜ਼ਗੀ ਦਾ ਸਬੂਤ ਦਿੱਤਾ ਹੈ।
ਇਸ ਮਾਮਲੇ ਬਾਰੇ ਜਦੋਂ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੂੰ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਸਿੱਧੂ ਇਸ ਵਿਭਾਗ ਦੇ ਮੰਤਰੀ ਹਨ। ਉਨ੍ਹਾਂ ਨੂੰ ਹਰ ਗੱਲ ਦੀ ਜਾਣਕਾਰੀ ਹੈ। ਜਿੱਥੋਂ ਤੱਕ ਸਵਾਲ ਰਿਹਾ ਉਨ੍ਹਾਂ ਨੂੰ ਸੱਦਾ ਦੇਣ ਦਾ ਤਾਂ ਸੱਦਾ ਬਾਕਾਇਦਾ ਦਿੱਤਾ ਗਿਆ ਸੀ। ਉਹ ਅੱਜ ਸਿੱਧੂ ਦੇ ਘਰ ਵੀ ਗਏ ਸਨ ਪਰ ਉਨ੍ਹਾਂ ਨਾਲ ਮੁਲਾਕਾਤ ਨਹੀਂ ਹੋ ਸਕੀ। ਸਿੱਧੂ ਇੱਕ ਮੰਤਰੀ ਵੀ ਹਨ ਤੇ ਸਰਕਾਰ ਦਾ ਹਿੱਸਾ ਵੀ ਹਨ। ਇਸ ਲਈ ਉਨ੍ਹਾਂ ਨਾਲ ਬੈਠ ਕੇ ਇਸ ਮਸਲੇ ਬਾਰੇ ਵਿਚਾਰ ਕੀਤਾ ਜਾਵੇਗਾ। ਬਾਜਵਾ ਨੇ ਕਿਹਾ ਕਿ ਸਿੱਧੂ ਦੀ ਸਹਿਮਤੀ ਤੋਂ ਬਾਅਦ ਹੀ ਸਾਰੇ ਨਿਗਮਾਂ ਦੇ ਮੇਅਰ ਬਣਾਉਣ ਦਾ ਫੈਸਲਾ ਲਿਆ ਗਿਆ ਸੀ।

About Sting Operation

Leave a Reply

Your email address will not be published. Required fields are marked *

*

themekiller.com