ਬਠਿੰਡਾ(Pargat Singh Sadiora)– ਥਰਮਲ ਪਲਾਂਟ ਬੰਦ ਕਰਨ ਖਿਲਾਫ ਸੰਘਰਸ਼ ਕਰ ਰਹੇ ਮੁਲਾਜ਼ਮਾਂ ਦੇ ਹੱਕ ਵਿੱਚ ਸੰਤ ਸਮਾਜ ਵੀ ਡਟ ਗਿਆ ਹੈ। ਵਿਰੋਧ ਸਿਆਸੀ ਧਿਰਾਂ ਸ਼੍ਰੋਮਣੀ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਪਹਿਲਾਂ ਹੀ ਥਰਮਲ ਮੁਲਾਜ਼ਮਾਂ ਦੀ ਹਮਾਇਤ ਕਰ ਚੁੱਕੇ ਹਨ। ਅੱਜ ਬਠਿੰਡਾ ਵਿੱਚ ਗੁਰੂ ਨਾਨਕ ਦੇਵ ਥਰਮਲ ਪਲਾਂਟ ਦੇ ਸਾਹਮਣੇ ਪੱਕੇ ਕਾਮਿਆਂ ਵੱਲੋਂ ਰੱਖੀ ਰੈਲੀ ਵਿੱਚ ਸੰਤ ਸਮਾਜ ਦੇ ਆਗੂ ਬਲਜੀਤ ਸਿੰਘ ਦਾਦੂਵਾਲ ਨੇ ਸ਼ਿਰਕਤ ਕੀਤੀ।
ਦਾਦੂਵਾਲ ਨੇ ਇਸ ਮੌਕੇ ਕਿਹਾ ਕਿ ਦੋਵੇਂ ਹੀ ਸਰਕਾਰਾਂ ਜਿੱਥੇ ਇਨ੍ਹਾਂ ਥਰਮਲ ਪਲਾਂਟਾਂ ਦੀ ਕਈ ਹਜ਼ਾਰ ਕਿੱਲੇ ਜ਼ਮੀਨ ਹੜੱਪਣਾ ਚਾਹੁੰਦੀਆਂ ਹਨ, ਉੱਥੇ ਹੀ ਪੰਜਾਬ ਵਿੱਚੋਂ ਗੁਰੂ ਸਾਹਿਬਾਨ ਦੇ ਨਾਮ ‘ਤੇ ਬਣੇ ਥਰਮਲ ਪਲਾਂਟਾਂ ਨੂੰ ਬੰਦ ਕੀਤਾ ਜਾ ਰਿਹਾ ਹੈ। ਦਾਦੂਵਾਲ ਨੇ ਕਿਹਾ ਕਿ ਨਵੇਂ ਬਣੇ ਪਲਾਂਟਾਂ ਵਿੱਚੋਂ ਕਿਸੇ ਵੀ ਪਲਾਂਟ ਦਾ ਨਾਮ ਗੁਰੂ ਸਾਹਿਬਾਨ ਦੇ ਨਾਮ ‘ਤੇ ਨਹੀਂ ਰੱਖਿਆ ਗਿਆ। ਉਨ੍ਹਾਂ ਕਿਹਾ ਕਿ ਸੰਤ ਸਮਾਜ ਥਰਮਲ ਮੁਲਾਜ਼ਮਾਂ ਦੇ ਨਾਲ ਖੜ੍ਹਾ ਹੈ। ਉਨ੍ਹਾਂ ਐਲਾਨ ਕੀਤਾ ਤਿ ਜਲਦੀ ਹੀ ਹੋਰ ਸੰਤ ਸਾਹਿਬਾਨ ਨਾਲ ਰਾਬਤਾ ਕਾਇਮ ਕਰਕੇ ਪੰਜਾਬ ਸਰਕਾਰ ਨੂੰ ਥਰਮਲ ਬੰਦ ਕਰਨ ਦਾ ਫੈਸਲਾ ਵਾਪਸ ਲੈਣ ਲਈ ਕਹਿਣਗੇ।
ਬਾਦਲਾਂ ‘ਤੇ ਵਰ੍ਹਦਿਆਂ ਦਾਦੂਵਾਲ ਨੇ ਕਿਹਾ ਕਿ ਥਰਮਲ ਬੰਦ ਕਰਨ ਦੀਆਂ ਫਾਈਲਾਂ ਸ਼੍ਰੋਮਣੀ ਅਕਾਲੀ ਦਲ ਨੇ ਹੀ ਤਿਆਰ ਕੀਤੀਆਂ ਸਨ ਜੋ ਹੁਣ ਲੱਛੇਦਾਰ ਭਾਸ਼ਣ ਦੇ ਰਹੇ ਹਨ। ਜੇਕਰ ਉਨ੍ਹਾਂ ਦੀ ਸਰਕਾਰ ਮੁੜ ਆਉਂਦੀ ਤਾਂ ਉਨ੍ਹਾਂ ਨੇ ਹੀ ਖੁਦ ਥਰਮਲ ਬੰਦ ਕਰ ਦੇਣਾ ਸੀ। ਹੁਣ ਵੀ ਉਨ੍ਹਾਂ ਨੂੰ ਬਾਈ ਸੌ ਕਿੱਲੇ ਜ਼ਮੀਨ ਦੀ ਚਿੰਤਾ ਸਤਾ ਰਹੀ ਹੈ ਨਾ ਕਿ ਥਰਮਲ ਦੀ।