‘ਗੌਂਡਰ ਐਨਕਾਊਂਟਰ’ ਬਾਰੇ ਡੀ.ਜੀ.ਪੀ. ਦੇ ਅਹਿਮ ਖੁਲਾਸੇ

41 dg
ਚੰਡੀਗੜ੍ਹ(Pargat Singh Sadiora)– ਵਿੱਕੀ ਗੌਂਡਰ ਤੇ ਉਸ ਦੇ ਦੋ ਸਾਥੀਆਂ ਦੇ ਐਨਕਾਊਂਟਰ ਤੋਂ ਬਾਅਦ ਪੰਜਾਬ ਪੁਲਿਸ ਮੁਖੀ ਸੁਰੇਸ਼ ਅਰੋੜਾ ਨੇ ਕਿਹਾ ਕਿ ਪੁਲਿਸ ਗੋਲੀ ਨਾਲ ਹੀ ਨਹੀਂ ਬਲਕਿ ਗੈਂਗਸਟਰਾਂ ਨੂੰ ਪਿਆਰ ਨਾਲ ਵੀ ਸਮਝਾਉਣ ਦੀ ਕੋਸ਼ਿਸ਼ ਕਰਦੀ ਹੈ। ਡੀ.ਜੀ.ਪੀ. ਨੇ ਇਹ ਖੁਲਾਸਾ ਬੀਤੇ ਕੱਲ੍ਹ ਵਿੱਕੀ ਗੌਂਡਰ, ਪ੍ਰੇਮਾ ਲਾਹੌਰੀਆ ਤੇ ਉਨ੍ਹਾਂ ਦੇ ਇੱਕ ਸਾਥੀ ਦੇ ਐਨਕਾਉਂਟਰ ਸਬੰਧੀ ਅੱਜ ਆਪਣੀ ਪ੍ਰੈਸ ਮਿਲਣੀ ਵਿੱਚ ਕੀਤਾ। ਪੁਲਿਸ ਮੁਖੀ ਨੇ ਕੱਲ੍ਹ ਦੇ ਪੂਰੇ ਘਟਨਾਕ੍ਰਮ ਨੂੰ ਵਿਸਥਾਰ ਵਿੱਚ ਸੁਣਾਇਆ ਤੇ ਲੋੜੀਂਦੇ ਗੈਂਗਸਟਰਾਂ ਦੀਆਂ ਸੂਚੀਆਂ ਬਾਰੇ ਵੀ ਦੱਸਿਆ।
ਅਰੋੜਾ ਨੇ ਦੱਸਿਆ ਕਿ ਉਨ੍ਹਾਂ ਦੀ ਇੱਕ ਗੈਂਗਸਟਰ ਨਾਲ ਟੈਲੀਫ਼ੋਨ ‘ਤੇ ਗੱਲ ਹੋਈ ਸੀ। ਡੀ.ਜੀ.ਪੀ. ਨੇ ਕਿਹਾ, “ਮੈਂ ਉਸ ਨੂੰ ਬਹੁਤ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਜੁਰਮ ਦੀ ਦੁਨੀਆਂ ਵਿੱਚੋਂ ਬਾਹਰ ਆ ਕੇ ਇੱਕ ਆਮ ਨਾਗਰਿਕ ਵਾਂਗੂ ਰਹਿਣਾ ਸ਼ੁਰੂ ਕਰੇ।” ਡੀ.ਜੀ.ਪੀ. ਨੇ ਉਸ ਗੈਂਗਸਟਰ ਦਾ ਨਾਂ ਦੱਸਣ ਤੋਂ ਮਨ੍ਹਾ ਕਰ ਦਿੱਤਾ। ਇਸ ਦੇ ਨਾਲ ਹੀ ਡੀ.ਜੀ.ਪੀ. ਪੰਜਾਬ ਦੇ ਨੌਜਵਾਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਇਨ੍ਹਾਂ ਗੈਂਗਸਟਰਾਂ ਦਾ ਰਸਤਾ ਨਾ ਚੁਨਣ।
ਪੰਜਾਬ ਪੁਲਿਸ ਕੋਲ ਹੈ A ਤੇ B ਕੈਟਾਗਰੀ ਦੇ ਗੈਂਗਸਟਰਾਂ ਦੀ ਲਿਸਟ- ਡੀ.ਜੀ.ਪੀ. ਨੇ ਕਿਹਾ ਕਿ ਪੰਜਾਬ ਪੁਲਿਸ ਨੇ ਗੈਂਗਸਟਰਾਂ ਨੂੰ ਦੋ ਸ਼੍ਰੇਣੀਆਂ ਵਿੱਚ ਵੰਡਿਆ ਹੋਇਆ ਹੈ। ਕੈਟਾਗਰੀ ਏ ਵਿੱਚ ਕੁੱਲ 17 ਗੈਂਗ ਹਨ ਜਿਸ ਵਿੱਚੋਂ ਹੁਣ 8 ਬਾਕੀ ਰਹਿ ਗਏ ਹਨ। ਏ ਸ਼੍ਰੇਣੀ ਦੇ 9 ਗੈਂਗਸਟਰਾਂ ਵਿੱਚੋਂ ਕੁਝ ਜੇਲ੍ਹਾਂ ਵਿੱਚ ਹਨ ਤੇ ਕਈਆਂ ਦੀ ਪੁਲਿਸ ਮੁਕਾਬਲੇ ਵਿੱਚ ਮੌਤ ਹੋ ਚੁੱਕੀ ਹੈ। ਇਸੇ ਤਰ੍ਹਾਂ ਕੈਟਾਗਰੀ ਬੀ ਵਿੱਚ ਕੁੱਲ 21 ਬਦਮਾਸ਼ ਹਨ। ਇਨ੍ਹਾਂ ਵਿੱਚੋਂ ਹੁਣ 9 ਹੀ ਬਾਕੀ ਰਹਿ ਗਏ ਹਨ। ਡੀ.ਜੀ.ਪੀ. ਨੇ ਕਿਹਾ ਕਿ ਇੰਟੈਲੀਜੈਂਸ ਇਨਪੁੱਟ ਦੇ ਆਧਾਰ ‘ਤੇ ਸਾਡੀ ਸੂਚੀ ਵਿੱਚ 10 ਗੈਂਗਸਟਰ ਸਨ ਜਿਨ੍ਹਾਂ ਦੀ ਪੁਲਿਸ ਭਾਲ ਕਰ ਰਹੀ ਹੈ।
ਕਿਵੇਂ ਕੀਤਾ ਐਨਕਾਊਂਟਰ-
ਡੀ.ਜੀ.ਪੀ. ਸੁਰੇਸ਼ ਅਰੋੜਾ ਨੇ ਦੱਸਿਆ ਕਿ ਪੰਜਾਬ ਪੁਲਿਸ ਦੀਆਂ ਪੰਜ ਟੀਮਾਂ ਨੇ ਉਸ ਘਰ ਦੀ ਘੇਰਾਬੰਦੀ ਕੀਤੀ ਜਿੱਥੇ ਇਨ੍ਹਾਂ ਗੈਂਗਸਟਰਾਂ ਦੇ ਹੋਣ ਦਾ ਖ਼ਦਸ਼ਾ ਸੀ। ਪੰਜਾਬ ਪੁਲਿਸ ਦੀਆਂ ਪੰਜ ਟੀਮਾਂ ਨੇ ਰਾਜਸਥਾਨ ਦੇ ਪੰਜਾਬ ਦੀ ਹੱਦ ‘ਤੇ ਜ਼ਿਲ੍ਹਾ ਹਨੂੰਮਾਨਗੜ੍ਹ ਦੇ ਪੁਲਿਸ ਥਾਣਾ ਹਿੰਦੂਕੋਟਮਲ ਦੀ ਢਾਣੀ ਪੱਕੀ (2-ਸੀ) ਵਿੱਚ ਬਣੇ ਇੱਕ ਘਰ ਨੂੰ ਘੇਰਾ ਪਾ ਲਿਆ।
ਏ.ਆਈ.ਜੀ. ਗੁਰਮੀਤ ਚੌਹਾਨ ਨੇ ਦੱਸਿਆ ਕਿ ਉਹ ਵੀ ਆਪਣੇ ਸਾਥੀਆਂ ਨਾਲ ਮੌਕੇ ‘ਤੇ ਹੀ ਮੌਜੂਦ ਸਨ। ਘੇਰਾਬੰਦੀ ਹੋਣ ਤੋਂ ਬਾਅਦ, ਇੱਕ ਗੈਂਗਸਟਰ ਨੇ ਪੁਲਿਸ ‘ਤੇ ਫਾਇਰਿੰਗ ਕਰ ਦਿੱਤੀ ਤੇ ਉਸ ਦੀ ਆੜ ‘ਚ ਪ੍ਰੇਮਾ ਤੇ ਗੌਂਡਰ ਭੱਜਣ ਦੀ ਕੋਸ਼ਿਸ਼ ਕਰਨ ਲੱਗੇ। ਘਰ ਦੀ ਕੰਧ ਟੱਪਦੇ ਹੋਏ ਦੋਵੇਂ ਪੁਲਿਸ ਦੀ ਗੋਲੀ ਦਾ ਸ਼ਿਕਾਰ ਹੋ ਗਏ। ਚੌਹਾਨ ਨੇ ਦੱਸਿਆ ਕਿ ਤੀਜੇ ਗੈਂਗਸਟਰ ਦੀ ਹਾਲੇ ਤਕ ਸ਼ਨਾਖ਼ਤ ਨਹੀਂ ਹੋਈ।
ਉਨ੍ਹਾਂ ਦੱਸਿਆ ਕਿ ਉਸ ਵੱਲੋਂ ਚਲਾਈ ਗੋਲੀ ਨਾਲ ਦੋ ਪੁਲਿਸ ਮੁਲਾਜ਼ਮ ਵੀ ਫੱਟੜ ਹੋ ਗਏ। ਸਬ ਇੰਸਪੈਕਟਰ ਬਲਵਿੰਦਰ ਸਿੰਘ ਤੇ ਏ.ਐੱਸ.ਆਈ. ਹਰਪਾਲ ਸਿੰਘ ਨੂੰ ਇਲਾਜ ਲਈ ਫ਼ਰੀਦਕੋਟ ਦੇ ਮੈਡੀਕਲ ਹਸਪਤਾਲ ਭੇਜਿਆ ਗਿਆ ਹੈ।
ਸੋਸ਼ਲ ਮੀਡਿਆ ਦੀ ਧਮਕੀ ‘ਤੇ ਡੀ.ਜੀ.ਪੀ. ਦਾ ਜਵਾਬ
ਐਨਕਾਊਂਟਰ ਤੋਂ ਬਾਅਦ ਫੇਸਬੁੱਕ ‘ਤੇ ਵੱਖ-ਵੱਖ ਪੇਜਾਂ ‘ਤੇ ਪੰਜਾਬ ਪੁਲਿਸ ਨੂੰ ਧਮਕੀ ਭਰੀਆਂ ਪੋਸਟਾਂ ਦਾ ਜਵਾਬ ਦਿੰਦੇ ਡੀ.ਜੀ.ਪੀ. ਸੁਰੇਸ਼ ਅਰੋੜਾ ਨੇ ਕਿਹਾ ਕਿ ਪੁਲਿਸ ਦਾ ਕੰਮ ਹੈ ਸੁਰੱਖਿਆ ਅਤੇ ਬਿਨਾ ਕਿਸੇ ਡਰੋਂ ਪੁਲਿਸ ਆਪਣਾ ਕੰਮ ਜਾਰੀ ਰੱਖੇਗੀ। ਉਨ੍ਹਾਂ ਕਿਹਾ ਕਿ ਸੋਸ਼ਲ ਮੀਡਿਆ ‘ਤੇ ਬਹੁਤ ਗ਼ਲਤ ਜਾਣਕਾਰੀ ਦਿੱਤੀ ਜਾਂਦੀ ਹੈ। ਗੈਂਗਸਟਰਾਂ ਵੱਲੋਂ ਇਸ ਸੋਸ਼ਲ ਮੀਡਿਆ ਨੂੰ ਜੁਰਮ ਖਾਤਰ ਵਰਤੇ ਜਾਣ ਤੋਂ ਰੋਕਣ ਲਈ ਡੀ.ਜੀ.ਪੀ. ਨੇ ਕਿਹਾ ਕਿ ਪੁਲਿਸ ਆਪਣਾ ਇੱਕ ਪਲੇਟਫਾਰਮ ਤਿਆਰ ਕਰ ਰਹੀ ਹੈ ਜਿਸ ਨਾਲ ਸੋਸ਼ਲ ਮੀਡਿਆ ਦੀ ਹਰ ਹਰਕਤ ਪੁਲਿਸ ਦੀ ਨਿਗਰਾਨੀ ਹੇਠ ਹੋਵੇਗੀ।

About Sting Operation

Leave a Reply

Your email address will not be published. Required fields are marked *

*

themekiller.com