ਮਿਲਾਨ(Sting Operation)- ਇਟਲੀ ਦੇ ਉੱਤਰੀ ‘ਚ ਸਥਿਤ ਸ਼ਹਿਰ ਮਿਲਾਨ ਨੇੜੇ ਇਕ ਰੇਲ ਹਾਦਸੇ ‘ਚ 3 ਔਰਤਾਂ ਦੀ ਮੌਤ ਤੇ 100 ਤੋਂ ਵੱਧ ਵਿਅਕਤੀ ਜ਼ਖ਼ਮੀ ਵੀ ਹੋਏ ਹਨ। ਐਮਰਜੈਂਸੀ ਸਰਵਿਸ ਦੇ ਅਧਿਕਾਰੀਆਂ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਕਤ ਜ਼ਖ਼ਮੀਆਂ ‘ਚੋਂ 10 ਵਿਅਕਤੀ ਗੰਭੀਰ ਰੂਪ ‘ਚ ਜ਼ਖ਼ਮੀ ਹੋਏ ਹਨ ਤੇ 100 ਤੋਂ ਵੱਧ ਹੋਰ ਵਿਕਅਤੀਆਂ ਨੂੰ ਹਲਕੀਆਂ ਸੱਟਾ ਲੱਗੀਆਂ ਹਨ।
ਕ੍ਰਿਸਟਿਨਾ ਕੋਰਬਿੱਟਾ ਨਾਂਅ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਇਹ ਹਾਦਸਾ 7 ਵਜੇ ਦੇ ਕਰੀਬ ਸੈਗਰੇਟ ਦੇ ਮਿਲਾਨ ਉੱਪ ਨਗਰ ਦੇ ਨੇੜੇ ਵਾਪਰਿਆ। ਉਨ੍ਹਾਂ ਦੱਸਿਆ ਕਿ ਪਟੜੀ ਦੇ ਜੋੜ ਢਿੱਲਾ ਹੋਣ ਕਾਰਨ ਰੇਲ ਗੱਡੀ ਪਟੜੀ ਤੋਂ ਹੇਠਾਂ ਉੱਤਰ ਗਈ ਜਿਸ ਕਾਰਨ ਇਹ ਹਾਦਸਾ ਵਾਪਰ ਗਿਆ।
ਉਨ੍ਹਾਂ ਦੱਸਿਆ ਕਿ ਘਟਨਾ ਦੇ ਕਾਰਨਾਂ ਦੀ ਸਬੰਧਿਤ ਵਿਭਾਗ ਬਹੁਤ ਬਾਰੀਕੀ ਨਾਲ ਜਾਂਚ ਵਿਚ ਲੱਗਾ ਹੋਇਆ ਹੈ | ਹਾਸਦੇ ਤੋਂ 2 ਘੰਟੇ ਬਾਅਦ ਬਚਾਅ ਦਲ ਦੀ ਟੀਮ ਨੇ ਬਚਾਅ ਕਾਰਜ ਸ਼ੁਰੂ ਕੀਤਾ | ਜ਼ਖ਼ਮੀ ਵਿਅਕਤੀਆਂ ਨੂੰ ਨੇੜਲੇ ਹਸਪਤਾਲਾਂ ‘ਚ ਦਾਖ਼ਲ ਕਰਵਾਇਆ ਗਿਆ ਹੈ। ਇਹ ਖੇਤਰੀ ਰੇਲ ਗੱਡੀ ਕ੍ਰਿਮੋਨਾ ਸ਼ਹਿਰ ਤੋਂ ਇਟਲੀ ਦੀ ਆਰਥਿਕ ਰਾਜਧਾਨੀ ਦੇ ਸੈਂਟਰ ਵੱਲ ਜਾ ਰਹੀ ਸੀ।