ਹਰਸਿਮਰਤ ਬਾਦਲ ਜੇਠ ਨਾਲ ਨਾਰਾਜ਼!

39 Harsimrat-Badal
ਚੰਡੀਗੜ੍ਹ(Sting Operation)- ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਹੈ ਕਿ ਬਠਿੰਡਾ ਵਿਚ ਸਥਾਪਤ ਹੋਣ ਵਾਲੇ ਏਮਜ਼ ਨੂੰ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਪਹਿਲਾਂ ਲੋੜੀਂਦੀਆਂ ਮਨਜ਼ੂਰੀਆਂ ਦੇਣ ਵਿਚ ਦੇਰੀ ਕੀਤੀ ਅਤੇ ਹੁਣ ਇਸ ਪ੍ਰਾਜੈਕਟ ਵਿਚ ਸੂਬੇ ਵੱਲੋਂ ਪਾਏ ਜਾਣ ਵਾਲੇ ਹਿੱਸੇ ਦੀ ਰਾਸ਼ੀ ਜਾਰੀ ਕਰਨ ਤੋਂ ਇਨਕਾਰ ਕਰ ਰਿਹਾ ਹੈ। ਇਹ ਗੱਲ ਸਮਝ ਵਿਚ ਨਹੀਂ ਆਉਂਦੀ ਕਿ ਉਸ ਕੋਲ ਬਠਿੰਡਾ ਵਿਚ ਏਮਜ਼ ਦੇ ਪ੍ਰਾਜੈਕਟ ਵਾਸਤੇ ਦੇਣ ਲਈ ਮਾਮੂਲੀ ਰਾਸ਼ੀ ਕਿਉਂ ਨਹੀਂ ਹੈ ਜਦਕਿ ਸੂਬਾ ਸਰਕਾਰ ਵੱਲੋਂ ਮੰਤਰੀਆਂ ਦੇ ਬੰਗਲਿਆਂ ਦਾ ਸਜਾਵਟ ਉੱਤੇ ਕਰੋੜਾਂ ਰੁਪਏ ਵਹਾਏ ਜਾ ਰਹੇ ਹਨ।
ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਆਖਿਆ ਹੈ ਕਿ ਉਹ ਆਪਣੇ ਵਿੱਤ ਵਿਭਾਗ ਦੀਆਂ ਗਲਤ ਤਰਜੀਹਾਂ ਕਰਕੇ ਬਠਿੰਡਾ ਵਿਚ ਸਥਾਪਤ ਹੋਣ ਵਾਲੇ ਏਮਜ਼ ਨੂੰ ਹੱਥੋਂ ਨਾ ਨਿਕਲਣ ਦੇਣ। ਬਾਦਲ ਨੇ ਕਿਹਾ ਕਿ ਦੂਜੇ ਰਾਜ ਪੰਜਾਬ ਦੇ ਹੱਥੋਂ ਨਿਕਲ ਰਹੇ ਇਸ ਪ੍ਰਾਜੈਕਟ ਉੱਤੇ ਝਪਟਾ ਮਾਰਨ ਲਈ ਤਿਆਰ ਬੈਠੇ ਹਨ। ਜੇਕਰ ਏਮਜ਼ ਪ੍ਰਾਜੈਕਟ ਹੱਥੋਂ ਨਿਕਲ ਗਿਆ ਤਾਂ ਇਹ ਸੂਬੇ ਦੇ ਲੋਕਾਂ ਅਤੇ ਖਾਸ ਕਰਕੇ ਬਠਿੰਡਾ ਦੇ ਲੋਕਾਂ ਲਈ ਇੱਕ ਵੱਡਾ ਝਟਕਾ ਸਾਬਿਤ ਹੋਵੇਗਾ।
ਕੇਂਦਰੀ ਮੰਤਰੀ ਨੇ ਕਿਹਾ ਕਿ ਅੱਜ ਏਮਜ਼ ਹੈ। ਕੱਲ੍ਹ ਥਰਮਲ ਪਲਾਂਟ ਸੀ। ਕੱਲ੍ਹ ਨੂੰ ਕੁੱਝ ਹੋਰ ਹੋ ਸਕਦਾ ਹੈ। ਕੀ ਬਠਿੰਡਾ ਦੇ ਲੋਕਾਂ ਵੱਲੋਂ ਤੁਹਾਡੇ ਵਿਚ ਜਤਾਏ ਭਰੋਸੇ ਦੀ ਤੁਸੀਂ ਇਹ ਕੀਮਤ ਮੋੜ ਰਹੇ ਹੋ? ਇਸ ਤੋਂ ਪਹਿਲਾਂ , 21 ਹਜ਼ਾਰ ਕਰੋੜ ਰੁਪਏ ਦੀ ਲਾਗਤ ਵਾਲੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਬਠਿੰਡਾ ਆਇਲ ਰੀਫਾਇਨਰੀ ਨੂੰ ਬੰਦ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਅਤੇ ਇਸ ਨੂੰ ‘ਚਿੱਟਾ ਹਾਥੀ’ ਕਰਾਰ ਦੇ ਦਿੱਤਾ ਗਿਆ ਸੀ। ਜਿਸ ਮਗਰੋਂ ਪਰਕਾਸ਼ ਸਿੰਘ ਬਾਦਲ ਨੇ ਅਟੱਲ ਬਿਹਾਰੀ ਵਾਜਪਾਈ ਦੀ ਮੱਦਦ ਨਾਲ ਇਸ ਨੂੰ ਬਚਾਇਆ ਸੀ। ਕਾਂਗਰਸ ਬਠਿੰਡਾ ਦੇ ਲੋਕਾਂ ਨਾਲ ਅਜਿਹਾ ਸਲੂਕ ਕਿਉਂ ਕਰਦੀ ਹੈ?
ਬਾਦਲ ਨੇ ਕਿਹਾ ਕਿ ਕਿਸੇ ਨੂੰ ਲੋਕਾਂ ਦੀ ਸਿਹਤ ਨਾਲ ਜੁੜੇ ਇਸ ਪ੍ਰਾਜੈਕਟ ਨੂੰ ਰੱਦ ਕਰਵਾ ਕੇ ਬਠਿੰਡਾ ਦੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਦੀ ਆਗਿਆ ਨਹੀਂ ਦੇਣੀ ਚਾਹੀਦੀ। ਉਹਨਾਂ ਕਿਹਾ ਕਿ ਇਹ 750 ਬਿਸਤਰਿਆਂ ਦਾ ਹਸਪਤਾਲ ਇਸ ਇਲਾਕੇ ਦੇ ਲੋਕਾਂ ਖਾਸ ਕਰਕੇ ਉਹਨਾਂ ਗਰੀਬਾਂ ਲਈ ਵਰਦਾਨ ਸਾਬਿਤ ਹੋਵੇਗਾ, ਜਿਹੜੇ ਇਲਾਜ ਕਰਵਾਉਣ ਲਈ ਮਹਿੰਗੇ ਪ੍ਰਾਈਵੇਟ ਹਸਪਤਾਲਾਂ ਵਿਚ ਨਹੀਂ ਜਾ ਸਕਦੇ। ਏਮਜ਼ ਦੁਨੀਆਂ ਭਰ ਵਿਚ ਉੱਚ ਕੁਆਇਲੀ ਦੀਆਂ ਸਿਹਤ ਸਹੂਲਤਾਂ ਦੇਣ ਲਈ ਜਾਣਿਆ ਜਾਂਦਾ ਹੈ, ਜਿਸ ਕਰਕੇ ਮੁਲਕ ਦੇ ਵੱਖ ਵੱਖ ਰਾਜਾਂ ਦੀਆਂ ਸਰਕਾਰਾਂ ਇਸ ਦੀ ਆਪਣੇ ਰਾਜਾਂ ਵਿਚ ਸਥਾਪਨਾ ਲਈ ਇੱਕ ਦੂਜੇ ਨਾਲ ਮੁਕਾਬਲਾ ਕਰਦੀਆਂ ਹਨ।

About Sting Operation

Leave a Reply

Your email address will not be published. Required fields are marked *

*

themekiller.com