ਜੇਲ੍ਹ ਬੰਦ ਖਰਬਪਤੀ ਪ੍ਰਿੰਸ ਅਲ ਵਲੀਦ ਹੋਇਆ ਰਿਹਾਅ

11 prince
ਰਿਆਧ,(Sting Operation)- ਸਾਊਦੀ ਅਰਬ ਵਿੱਚ ਭ੍ਰਿਸ਼ਟਾਚਾਰ ਦੇ ਦੋਸ਼ ‘ਚ ਗ੍ਰਿਫਤਾਰ ਖਰਬਪਤੀ ਪ੍ਰਿੰਸ ਅਲ ਵਲੀਦ ਬਿਨ ਤਲਾਲ ਨੂੰ ਰਿਹਾਅ ਕਰ ਦਿੱਤਾ ਗਿਆ ਹੈ। ਇਸ ਦੇ ਇਲਾਵਾ ਮੁੱਖ ਕਾਰੋਬਾਰੀ ਸਮੇਤ ਕਈ ਲੋਕਾਂ ਨੂੰ ਵੀ ਰਿਹਾਅ ਕਰ ਦਿੱਤਾ ਗਿਆ। ਅਲ ਵਲੀਦ ਸਮੇਤ ਦਰਜਨਾਂ ਪ੍ਰਿੰਸ, ਸੀਨੀਅਰ ਅਧਿਕਾਰੀ ਤੇ ਚੋਟੀ ਦੇ ਉਦਯੋਗਪਤੀਆਂ ਨੂੰ ਪਿਛਲੇ ਸਾਲ ਨਵੰਬਰ ਦੇ ਸ਼ੁਰੂ ਵਿੱਚ ਭਿ੍ਰਸ਼ਟਾਚਾਰ ਦੇ ਦੋਸ਼ ‘ਚ ਗ੍ਰਿਫਤਾਰ ਕੀਤਾ ਗਿਆ ਸੀ।
ਪਰਿਵਾਰ ਅਨੁਸਾਰ ਪ੍ਰਿੰਸ ਅਲ ਵਲੀਦ ਨੂੰ ਕੱਲ੍ਹ ਰਿਹਾਅ ਕੀਤਾ ਗਿਆ। ਉਹ ਘਰ ਚਲੇ ਗਏ ਹਨ। ਇਸ ਬਾਰੇ ਸਾਊਦੀ ਅਰਬ ਦੇ ਅਧਿਕਾਰੀਆਂ ਦਾ ਬਿਆਨ ਨਹੀਂ ਆਇਆ। ਇਹ ਵੀ ਪਤਾ ਨਹੀਂ ਚੱਲ ਸਕਿਆ ਕਿ ਕਿਨ੍ਹਾਂ ਸ਼ਰਤਾਂ ‘ਤੇ ਰਿਹਾਈ ਹੋਈ ਹੈ। ਇਸ ਰਿਹਾਈ ਤੋਂ ਕੁਝ ਘੰਟੇ ਪਹਿਲਾਂ ਅਲ ਵਲੀਦ ਨੇ ਰਿਟਜ਼ ਕਾਰਲਟਨ ਹੋਟਲ ਵਿੱਚ ਵਿਸ਼ੇਸ਼ ਗੱਲਬਾਤ ‘ਚ ਕਿਹਾ ਸੀ ਕਿ ਕੁਝ ਹੀ ਦਿਨਾਂ ਅੰਦਰ ਉਨ੍ਹਾਂ ਦੇ ਬੇਦਾਗ ਸਾਬਤ ਹੋਣ ਅਤੇ ਰਿਹਾਅ ਹੋਣ ਦੀ ਆਸ ਹੈ।
ਉਨ੍ਹਾਂ ਕਿਹਾ ਸੀ ਕਿ ਉਹ ਕਿਸੇ ਵੀ ਤਰ੍ਹਾਂ ਦੇ ਭ੍ਰਿਸ਼ਟਾਚਾਰ ‘ਚ ਸ਼ਾਮਲ ਨਹੀਂ ਹਨ। ਗ੍ਰਿਫਤਾਰ ਮੁੱਖ ਲੋਕਾਂ ਨੂੰ ਇਸੇ ਸ਼ਾਨਦਾਰ ਹੋਟਲ ਵਿੱਚ ਰੱਖਿਆ ਗਿਆ ਹੈ। ਅਲ ਵਲੀਦ ਨੇ ਇਹ ਵੀ ਕਿਹਾ ਸੀ ਕਿ ਉਹ ਆਪਣੀ ਕੰਪਨੀ ਕਿੰਗਡਮ ਹੋਲਡਿੰਗ ਉਤੇ ਪੂਰਾ ਕੰਟਰੋਲ ਰੱਖਣਗੇ ਅਤੇ ਇਸ ਨੂੰ ਸਰਕਾਰ ਨੂੰ ਸੌਂਪਣ ਦੀ ਲੋੜ ਨਹੀਂ ਹੋਵੇਗੀ।
ਇਸ ਤੋਂ ਇਲਾਵਾ ਰਿਹਾਅ ਹੋਣ ਵਾਲੇ ਹੋਰਨਾ ਲੋਕਾਂ ਵਿੱਚ ਟੈਲੀਵਿਜ਼ਨ ਨੈਟਵਰਕ ਐਮ ਬੀ ਸੀ ਦੇ ਮਾਲਕ ਵਲੀਦ ਅਲ ਇਬਰਾਹੀਮ, ਫੈਸ਼ਨ ਰਿਟੇਲ ਦੇ ਮੁਖੀ ਸ਼ੇਅਰ ਹੋਲਡਰ ਫਵਾਦ ਅਲ ਹੋਕੈਰ, ਰਾਇਲ ਕੋਰਟ ਦੇ ਸਾਬਕਾ ਮੁਖੀ ਖਾਲਿਦ ਅਲ ਤੁਵੈਜਰੀ ਅਤੇ ਮੌਸਮ ਵਿਗਿਆਨ ਅਤੇ ਵਾਤਾਵਰਨ ਏਜੰਸੀ ਦੇ ਸਾਬਕਾ ਮੁਖੀ ਤੁਰਕੀ ਬਿਨ ਨਾਸਿਰ ਸ਼ਾਮਲ ਹਨ। ਰਿਹਾਈ ਦੇ ਬਦਲੇ ਵਿੱਚ ਇਨ੍ਹਾਂ ਸਾਰਿਆਂ ਨੇ ਵਿੱਤੀ ਸਮਝੌਤੇ ਕੀਤੇ ਦੱਸੇ ਜਾਂਦੇ ਹਨ।
ਸੂਤਰਾਂ ਨੇ ਸਮਝੌਤੇ ਦੀਆਂ ਸ਼ਰਤਾਂ ਦੀ ਜਾਣਕਾਰੀ ਨਹੀਂ ਦਿੱਤੀ, ਪ੍ਰੰਤੂ ਲੰਡਨ ਦੇ ਫਾਇਨੈਂਸ਼ੀਅਲ ਟਾਈਮਜ਼ ‘ਚ ਵਲੀਦ ਵੱਲੋਂ ਐਮ ਬੀ ਸੀ ਦਾ ਮਾਲਕੀ ਹੱਕ ਛੱਡਣ ਦੀ ਖਬਰ ਦਾ ਖੰਡਨ ਕੀਤਾ ਗਿਆ ਹੈ। ਉਸ ਨੇ ਕਿਹਾ ਕਿ ਕਈ ਸਾਰੇ ਗੱਲਾਂ ‘ਤੇ ਸਮਝੌਤਾ ਹੋਇਆ ਹੈ। ਸਾਊਦੀ ਅਰਬ ਦੀ ਸਰਕਾਰ ਨੇ ਹਾਲ ਹੀ ਦੇ ਹਫਤਿਆਂ ਵਿੱਚ ਭ੍ਰਿਸ਼ਟਾਚਾਰ ਦੇ ਦੋਸ਼ ‘ਚ ਗ੍ਰਿਫਤਾਰ ਨੈਸ਼ਨਲ ਗਾਰਡਸ ਦੇ ਮੁਖੀ ਪ੍ਰਿੰਸ ਮਿਤੇਬ ਬਿਨ ਅਬਦੁੱਲਾ ਸਮੇਤ ਕਈ ਲੋਕਾਂ ਨੂੰ ਰਿਹਾਅ ਕੀਤਾ ਹੈ। ਦੱਸਿਆ ਜਾਂਦਾ ਹੈ ਕਿ ਰਿਹਾਈ ਦੇ ਬਦਲੇ ਮਿਤੇਬ ਨੇ ਕਰੀਬ ਇਕ ਅਰਬ ਡਾਲਰ (ਲਗਭਗ 6358 ਕਰੋੜ ਰੁਪਏ) ਦਿੱਤੇ ਸਨ।

About Sting Operation

Leave a Reply

Your email address will not be published. Required fields are marked *

*

themekiller.com