ਨਵੀਂ ਦਿੱਲੀ(Sting Operation)- ਇੰਡੀਅਨ ਪ੍ਰੀਮੀਅਰ ਲੀਗ 2018 ਦੀ ਸ਼ਨੀਵਾਰ ਤੇ ਐਤਵਾਰ ਦੋ ਦਿਨ ਚੱਲੀ ਖਿਡਾਰੀਆਂ ਦੀ ਨਿਲਾਮੀ ਬਹੁਤ ਹੀ ਰੋਮਾਂਚਕ ਰਹੀ ਤੇ ਪੂਰੀ ਦੁਨੀਆਂ ਦੇ ਕ੍ਰਿਕੇਟ ਪ੍ਰੇਮੀਆਂ ਦੀਆਂ ਨਜ਼ਰਾਂ ਆਪਣੇ-ਆਪਣੇ ਚਹੇਤੇ ਖਿਡਾਰੀਆਂ ‘ਤੇ ਲੱਗੀ ਰਹੀ। ਕ੍ਰਿਕੇਟ ਪ੍ਰੇਮੀ ਹੁਣ ਵੀ ਆਪਣੀ-ਆਪਣੀ ਪਸੰਦੀਦਾ ਟੀਮਾਂ ਨੂੰ ਲੈ ਕੇ ਚਰਚਾ ਕਰ ਰਹੇ ਹਨ। ਆਪਣੇ ਅੰਦਾਜ਼ ‘ਚ ਟੀਮਾਂ ਦਾ ਪੋਸਟਮਾਰਟਮ ਕਰ ਰਹੇ ਹਨ। ਬੋਲੀ ਖਤਮ ਹੋਣ ਤੋਂ ਬਾਅਦ ਦੋ ਟੀਮਾਂ ਦੀ ਵੱਖਰੀ ਗੱਲ ਨੂੰ ਲੈ ਕੇ ਚਰਚਾ ਹੋ ਰਹੀ ਹੈ। ਕ੍ਰਿਕੇਟ ਪ੍ਰੇਮੀ ਇਹ ਆਖ ਰਹੇ ਹਨ ਕਿ ਕੇ. ਕੇ. ਆਰ. ਦੇ ਮਾਲਕ ਤੇ ਕਿੰਗ ਖਾਨ ਸ਼ਾਹਰੁਖ ਖਾਨ ਨੇ ਆਪਣੇ ਪੈਰਾਂ ‘ਤੇ ਖੁਦ ਹੀ ਕੁਲਹਾੜੀ ਮਾਰ ਲਈ ਹੈ। ਹੁਣ ਇਹ ਤਾਂ ਤੁਸੀਂ ਜਾਣਦੇ ਹੀ ਹੋ ਕਿ ਨਿਲਾਮੀ ਦੇ ਦੂਜੇ ਦਿਨ ਤੀਜੀ ਬੋਲੀ ‘ਚ ਕ੍ਰਿਸ ਗੇਲ ਨੂੰ ਕਿਵੇਂ ਵੇਚਿਆ ਗਿਆ। ਹੁਣ ਜਦੋਂ ਕ੍ਰਿਸ ਗੇਲ ਪੰਜਾਬ ਟੀਮ ‘ਚ ਆ ਗਿਆ ਹੈ ਤਾਂ ਉਹ ਕਪਤਾਨੀ ਦੇ ਦਾਵੇਦਾਰਾਂ ‘ਚ ਵੀ ਸ਼ਾਮਲ ਹੋ ਗਿਆ ਹੈ। ਪੰਜਾਬ ਨੇ ਇਸ ਸੈਸ਼ਨ ‘ਚ ਖਿਡਾਰੀਆਂ ਦੀ ਖਰੀਦ ‘ਤੇ ਖੂਬ ਪੈਸਾ ਵਹਾਇਆ ਪਰ ਸਵਾਲ ਇਹ ਹੈ ਕਿ ਟੀਮ ਦਾ ਕਪਤਾਨ ਕੌਣ ਹੋਵੇਗਾ। ਰਵਿਚੰਦਰਨ ਅਸ਼ਵਿਨ ਨੂੰ ਪੰਜਾਬ ਨੇ 7.60 ਕਰੋੜ ‘ਚ ਖਰੀਦਿਆ ਤਾਂ ਯੁਵਰਾਜ ਨੂੰ ਉਸ ਦੇ ਬੇਸ ਪ੍ਰਾਈਸ 2.00 ਕਰੋੜ ‘ਚ ਖਰੀਦਿਆ ਗਿਆ।
ਦੱਸਣਯੋਗ ਹੈ ਕਿ ਕ੍ਰਿਕਟ ਪ੍ਰੇਮੀਆਂ ‘ਚ ਸਭ ਤੋਂ ਜ਼ਿਆਦਾ ਚਰਚਾ ਹੈ ਕਿ ਕੇ. ਕੇ. ਆਰ. ਨੇ ਸੈਸ਼ਨ ‘ਚ ਟੂਰਨਾਮੈਂਟ ਸ਼ੁਰੂ ਹੋਣ ਤੋਂ ਪਹਿਲਾਂ ਖੁਦ ਹੀ ਪੈਰਾਂ ‘ਤੇ ਕੁਲਹਾੜੀ ਮਾਰ ਲਈ ਹੈ। ਇਸ ਦੇ ਪਿੱਛੇ ਵਜ੍ਹਾ ਹੈ ਕਿ ਕੇ. ਕੇ. ਆਰ. ਦਾ ਦੋ ਵਾਰ ਖਿਤਾਬ ਜਿੱਤਣ ਵਾਲਾ ਕਪਤਾਨ ਗੌਤਮ ਗੰਭੀਰ ਨੂੰ ਰਿਟੇਨ ਨਾ ਕਰਨਾ। ਗੌਤਮ ਗੰਭੀਰ ਨੇ ਆਪਣੀ ਕਪਤਾਨੀ ਦੇ ਹਮਲਿਆਂ ਨਾਲ ਟੀਮ ਦੇ ਮਿਜ਼ਾਜ ਤੇ ਚਾਲ ਚਾਲਣ ਪੂਰੀ ਤਰ੍ਹਾਂ ਬਦਲ ਕੇ ਰੱਖ ਦਿੱਤਾ ਹੈ। ਹੁਣ ਨਾ ਤਾਂ ਕੇ. ਕੇ. ਆਰ. ਨੇ ਗੰਭੀਰ ਦੇ ਕੱਦ ਦਾ ਖਿਡਾਰੀ ਹੀ ਖਰੀਦਿਆ ਤੇ ਨਾ ਹੀ ਨਿਲਾਮੀ ਦੌਰਾਨ ਟੀਮ ਮੈਨੇਜਮੈਂਟ ਨੂੰ ਲੈ ਕੇ ਕੋਈ ਰਣਨੀਤੀ ਹੀ ਦਿਖਾਈ। ਅਸਲ ‘ਚ ਦੋ ਵਾਰ ਖਿਤਾਬ ਦਿਵਾਉਣ ਵਾਲੇ ਕਪਤਾਨ ਦੇ ਰਿਪਲੇਸਮੈਂਟ ਨੂੰ ਲੈ ਕੇ ਕੇ. ਕੇ. ਆਰ. ਪ੍ਰਬੰਧਨ ਨੂੰ ਮਜ਼ਬੂਤੀ ਨਾਲ ਕੰਮ ਕਰਨਾ ਚਾਹੀਦਾ ਸੀ। ਕੇ. ਕੇ. ਆਰ. ਨੇ ਗੰਭੀਰ ਦੀ ਕਪਤਾਨੀ ‘ਚ 2012 ਤੇ 2014 ‘ਚ ਦੋ ਵਾਰ ਖਿਤਾਬ ਜਿੱਤਿਆ ਸੀ। ਕੇ. ਕੇ. ਆਰ. ਨੇ ਦਿਨੇਸ਼ ਕਾਰਤਿਕ ਨੂੰ 7.4 ਕਰੋੜ ਦੀ ਮੋਟੀ ਰਕਮ ‘ਚ ਖਰੀਦਿਆ ਹੈ ਪਰ ਇਸ ਦੇ ਬਾਵਜੂਦ ਸਵਾਲ ਇਹ ਹੈ ਕਿ ਕੇ. ਕੇ. ਆਰ. ਦੀ ਕਮਾਨ ਕੌਣ ਸੰਭਾਲੇਗਾ ਤੇ ਸਭ ਤੋਂ ਵੱਡਾ ਸਵਾਲ ਕੀ ਗੌਤਮ ਗੰਭੀਰ ਦੇ ਨਾ ਰਹਿਣ ਨਾਲ ਆਇਆ ਖਾਲੀਪਨ ਨਵਾਂ ਕਪਤਾਨ ਭਰ ਸਕੇਗਾ।