ਨਵੀਂ ਦਿੱਲੀ(Sting Operation)- ਦਿੱਲੀ ਦੇ ਸ਼ਕੂਰ ਬਸਤੀ ‘ਚ ਅੱਠ ਮਹੀਨੇ ਦੀ ਬੱਚੀ ਨਾਲ ਵਾਪਰੀ ਜਬਰ ਜਨਾਹ ਦੀ ਸ਼ਰਮਨਾਕ ਘਟਨਾ ‘ਤੇ ਸੁਪਰੀਮ ਕੋਰਟ ਨੇ ਚਿੰਤਾ ਜ਼ਾਹਰ ਕਰਦਿਆਂ ਕੇਂਦਰ ਸਰਕਾਰ ਨੂੰ ਡਾਕਟਰਾਂ ਦੀ ਟੀਮ ਬਣਾਉਣ ਦਾ ਨਿਰਦੇਸ਼ ਦਿੱਤਾ ਹੈ।
ਏਮਜ਼ ਦੇ ਦੋ ਡਾਕਟਰਾਂ ਦੀ ਇਹ ਟੀਮ ਅੱਜ ਬੱਚੀ ਦੀ ਸਿਹਤ ਦਾ ਜਾਇਜ਼ਾ ਲਵੇਗੀ। ਸਰਬਉੱਚ ਅਦਾਲਤ ਨੇ ਆਪਣੇ ਆਦੇਸ਼ ‘ਚ ਡਾਕਟਰਾਂ ਦੀ ਟੀਮ ਨੂੰ ਉਸ ਹਸਪਤਾਲ ‘ਚ ਜਾਣ ਨੂੰ ਕਿਹਾ ਜਿੱਥੇ ਬੱਚੀ ਨੂੰ ਦਾਖ਼ਲ ਕੀਤਾ ਗਿਆ ਹੈ। ਇਸ ਦੇ ਨਾਲ ਇਹ ਵੀ ਹਦਾਇਤ ਦਿੱਤੀ ਕਿ ਜੇਕਰ ਡਾਕਟਰ ਇਲਾਜ ਤੋਂ ਸੰਤੁਸ਼ਟ ਨਾ ਹੋਣ ਤਾਂ ਉਹ ਬੱਚੀ ਨੂੰ ਏਮਜ਼ ‘ਚ ਦਾਖ਼ਲ ਕਰਵਾ ਲੈਣ।
ਜਬਰ ਜਨਾਹ ਦੀ ਇਸ ਘਟਨਾ ‘ਤੇ ਇਕ ਜਨਹਿਤ ਪਟੀਸ਼ਨ ‘ਤੇ ਸੁਣਵਾਈ ਕਰਦਿਆਂ ਸਰਬਉੱਚ ਅਦਾਲਤ ਨੇ ਕੇਂਦਰ ਸਰਕਾਰ ਨੂੰ ਫੌਰੀ ਕਾਰਵਾਈ ਕਰਨ ਦਾ ਨਿਰਦੇਸ਼ ਦਿੰਦਿਆਂ ਵੀਰਵਾਰ ਨੂੰ ਰਿਪੋਰਟ ਪੇਸ਼ ਕਰਨ ਨੂੰ ਕਿਹਾ।