ਕੈਪਟਨ ਨੇ ਕਿਹਾ, ਕਿਸਾਨੋ ਮੀਟਰਾਂ ਤੋਂ ਨਾ ਡਰੋ !

47 Captain_Amrinder
ਚੰਡੀਗੜ੍ਹ(Pargat Singh Sadiora)– ਖੇਤੀਬਾੜੀ ਖਪਤਕਾਰਾਂ ਨੂੰ ਬਿਜਲੀ ਲਈ ਸਿੱਧਾ ਲਾਭ ਅਦਾ ਕਰਨ ਦੇ ਪਾਇਲਟ ਪ੍ਰਾਜੈਕਟ ਸ਼ੁਰੂ ਕਰਨ ਬਾਰੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਪੱਸ਼ਟ ਕੀਤਾ ਕਿ ਇਸ ਪ੍ਰਾਜੈਕਟ ਅਧੀਨ ਨਾ ਤਾਂ ਕਿਸਾਨਾਂ ’ਤੇ ਕਿਸੇ ਕਿਸਮ ਦਾ ਦਬਾਅ ਪਾਇਆ ਜਾਵੇਗਾ ਤੇ ਨਾ ਹੀ ਉਨ੍ਹਾਂ ਨੂੰ ਇਸ ਲਈ ਕਿਸੇ ਤਰ੍ਹਾਂ ਦੀ ਅਦਾਇਗੀ ਕਰਨੀ ਪਵੇਗੀ।
ਮੁੱਖ ਮੰਤਰੀ ਨੇ ਆਖਿਆ ਕਿ ਵਿਰੋਧੀ ਪਾਰਟੀਆਂ ਵੱਲੋਂ ਕਿਸਾਨਾਂ ਦਰਮਿਆਨ ਕੋਰਾ ਝੂਠ ਫੈਲਾਇਆ ਜਾ ਰਿਹਾ ਹੈ ਜਦਕਿ ਕਿਸੇ ਵੀ ਕਿਸਾਨ ਪਾਸੋਂ ਖੇਤੀ ਲਈ ਬਿਜਲੀ ਖਪਤ ਦੀ ਵਸੂਲੀ ਨਹੀਂ ਕੀਤੀ ਜਾਵੇਗੀ। ਮੁੱਖ ਮੰਤਰੀ ਨੇ ਆਖਿਆ ਕਿ ਕਿਸਾਨਾਂ ਨੂੰ ਸਿੱਧਾ ਲਾਭ ਦੇਣ ਦਾ ਫੈਸਲਾ ਪਾਣੀ ਦੇ ਡਿੱਗ ਰਹੇ ਪੱਧਰ ਦੀ ਸਮੱਸਿਆ ਦਾ ਹੱਲ ਕੱਢਣ ਦੇ ਸੰਦਰਭ ’ਚ ਲਿਆ ਗਿਆ ਹੈ। ਮੁੱਖ ਮੰਤਰੀ ਨੇ ਆਉਂਦੇ ਬਜਟ ਸੈਸ਼ਨ ਤੋਂ ਪਹਿਲਾਂ ਹੋਰ ਤਿੰਨ ਲੱਖ ਕਿਸਾਨਾਂ ਦਾ ਖੇਤੀ ਕਰਜ਼ਾ ਮੁਆਫ ਕਰਨ ਦਾ ਐਲਾਨ ਕੀਤਾ। ਇਹ ਬਜਟ ਸੈਸ਼ਨ ਮਾਰਚ ਦੇ ਦੂਜੇ ਹਫਤੇ ਹੋਣ ਦੀ ਆਸ ਹੈ।
ਕੈਪਟਨ ਨੇ ਕਿਹਾ ਕਿ ਅਗਾਊਂ ਹੀ ਪੈਸਾ ਸਿੱਧਾ ਕਿਸਾਨਾਂ ਦੇ ਖਾਤਿਆਂ ਵਿੱਚ ਪਾ ਦਿੱਤਾ ਜਾਵੇਗਾ ਜੋ ਇਸ ਪੈਸੇ ਨਾਲ ਆਪਣੇ ਬਿਜਲੀ ਬਿੱਲ ਅਦਾ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਇਸ ਵਿੱਚੋਂ ਜੋ ਵੀ ਪੈਸਾ ਕਿਸਾਨ ਬਚਾ ਲੈਣਗੇ, ਉਹ ਪੈਸਾ ਉਨ੍ਹਾਂ ਕਿਸਾਨਾਂ ਦੀਆਂ ਜੇਬਾਂ ਵਿੱਚ ਚਲਾ ਜਾਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਇਸ ਸਕੀਮ ਦਾ ਮੰਤਵ ਕਿਸਾਨਾਂ ਨੂੰ ਪਾਣੀ ਦੀ ਘੱਟ ਤੋਂ ਘੱਟ ਵਰਤੋਂ ਕਰਕੇ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਬਾਰੇ ਕਿਸਾਨਾਂ ਨੂੰ ਉਤਸ਼ਾਹਤ ਕਰਨਾ ਹੈ। ਮੁੱਖ ਮੰਤਰੀ ਨੇ ਸੁਚੇਤ ਕੀਤਾ ਕਿ ਜੇਕਰ ਪਾਣੀ ਦੇ ਸੰਕਟ ਨੂੰ ਪਹਿਲ ਦੇ ਅਧਾਰ ’ਤੇ ਹੱਲ ਨਾ ਕੀਤਾ ਗਿਆ ਤਾਂ ਪੰਜਾਬ ਨੂੰ ਅੱਗੇ ਜਾ ਕੇ ਬਹੁਤ ਔਖੀ ਹਾਲਤ ਦਾ ਸਾਹਮਣਾ ਕਰਨਾ ਪਵੇਗਾ। ਉਨ੍ਹਾਂ ਕਿਹਾ ਕਿ ਸਿੱਧਾ ਲਾਭ ਅਦਾ ਕਰਨ ਦੀ ਸਕੀਮ ਦੋਵਾਂ ਧਿਰਾਂ ਸਰਕਾਰ ਤੇ ਕਿਸਾਨਾਂ ਲਈ ਲਾਭਕਾਰੀ ਹੋਵੇਗੀ।
ਇਸ ਸਕੀਮ ਬਾਰੇ ਹੋਰ ਵਿਸਥਾਰ ਵਿੱਚ ਦੱਸਦਿਆਂ ਮੁੱਖ ਮੰਤਰੀ ਨੇ ਆਖਿਆ ਕਿ ਜੇਕਰ ਇੱਕ ਕਿਸਾਨ ਸਾਲਾਨਾ 50 ਹਜ਼ਾਰ ਰੁਪਏ ਦੀ ਖੇਤੀ ਬਿਜਲੀ ਖਪਤ ਕਰ ਲੈਂਦਾ ਹੈ ਤਾਂ ਉਸ ਨੂੰ ਇਸ ਦੀ ਸਿੱਧੀ ਅਦਾਇਗੀ ਕੀਤੀ ਜਾਵੇਗੀ। ਜੇਕਰ ਕਿਸਾਨ ਘੱਟ ਖਪਤ ਰਾਹੀਂ ਬਿਜਲੀ ਬਿੱਲ ਦੀ ਬੱਚਤ ਕਰ ਲੈਂਦਾ ਹੈ ਤਾਂ ਵੀ ਬਾਕੀ ਬਚਦਾ ਪੈਸਾ ਕਿਸਾਨ ਦੀ ਜੇਬ ਵਿੱਚ ਜਾਵੇਗਾ।
ਮੁੱਖ ਮੰਤਰੀ ਨੇ ਇਸ ਸਕੀਮ ਨੂੰ ਜਬਰੀ ਲਾਗੂ ਕਰਨ ਦੇ ਦੋਸ਼ਾਂ ਨੂੰ ਰੱਦ ਕਰਦਿਆਂ ਆਖਿਆ ਕਿ ਇਹ ਸਕੀਮ ਬਹੁਤ ਸੀਮਤ ਖੇਤਰ ਵਿੱਚ ਲਾਗੂ ਕੀਤੀ ਜਾ ਰਹੀ ਹੈ। ਕਿਸੇ ਵੀ ਕਿਸਾਨ ਨੂੰ ਇਸ ਪ੍ਰਾਜੈਕਟ ਦਾ ਹਿੱਸਾ ਬਣਨ ਲਈ ਮਜਬੂਰ ਨਹੀਂ ਕੀਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਇਸ ਸਕੀਮ ਦੇ ਲਾਭ ਬਾਰੇ ਕਿਸਾਨਾਂ ਨੂੰ ਵਿਸਥਾਰ ਵਿੱਚ ਜਾਣੂ ਕਰਵਾਇਆ ਜਾ ਰਿਹਾ ਹੈ ਜੋ ਆਪਣੇ ਹਿੱਤਾਂ ਲਈ ਇਸ ਪ੍ਰਾਜੈਕਟ ਦਾ ਹਿੱਸਾ ਬਣਨ ਵਾਸਤੇ ਸਵੈ-ਇੱਛਕ ਤੌਰ ’ਤੇ ਅੱਗੇ ਆ ਰਹੇ ਹਨ।

About Sting Operation

Leave a Reply

Your email address will not be published. Required fields are marked *

*

themekiller.com