ਨਵੀਂ ਦਿੱਲੀ (Sting Operation)- ਐਪਲ ਦੇ ਸਾਲ 2018 ਵਿੱਚ ਆਉਣ ਵਾਲੇ ਆਈਫੋਨ ਵਿੱਚ ਕਈ ਵੱਡੇ ਬਦਲਾਅ ਵਿਖਾਈ ਦੇ ਸਕਦੇ ਹਨ। ਤਾਜ਼ਾ ਰਿਪੋਰਟ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਹੁਣ ਐਪਲ ਆਈਫੋਨ ਵਿੱਚ ਕਵਾਲਕੌਮ ਦੇ ਚਿਪ ਇਸਤੇਮਾਲ ਨਹੀਂ ਕੀਤੇ ਜਾਣਗੇ। ਐਪਲ ਤੇ ਕਵਾਲਕੌਮ ਵਿਚਾਲੇ ਚੱਲ ਰਹੇ ਵਿਵਾਦ ਕਾਰਨ ਆਈਫੋਨ ਵਿੱਚ ਹੁਣ ਇੰਟਲ ਦੀ ਚਿੱਪ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ।
ਜ਼ਿਕਰਯੋਗ ਹੈ ਕਿ ਅਮਰੀਕਾ ਵਿੱਚ ਐਪਲ ਤੇ ਕਵਾਲਕੌਮ ਵਿਚਾਲੇ ਲਾਇਸੰਸ ਨੂੰ ਲੈ ਕੇ ਕੇਸ ਚੱਲ ਰਿਹਾ ਹੈ। ਮੀਡੀਆ ਰਿਪੋਰਟਾਂ ਵਿੱਚ ਇਹ ਦਾਅਵਾ ਵੀ ਕੀਤਾ ਜਾ ਰਿਹਾ ਹੈ ਕਿ ਜੇਕਰ ਇੰਟਲ ਦੀ ਚਿੱਪ 5ਜੀ ਨੈੱਟਵਰਕ ਸਪੋਰਟ ਨਹੀਂ ਕਰਦੀ ਤਾਂ ਐਪਲ ਪਹਿਲਾਂ ਵਾਂਗ ਕਵਾਲਕੌਮ ਦੀ ਚਿੱਪ ਦਾ ਇਸਤੇਮਾਲ ਕਰ ਸਕਦਾ ਹੈ।
ਇੰਟਲ ਦੀ ਚਿੱਪ ਵਿੱਚ ਸਭ ਤੋਂ ਖਾਸ ਗੱਲ ਇਹ ਹੈ ਕਿ ਇਹ ਡਬਲ ਸਿਮ ਸਪੋਰਟ ਕਰਦਾ ਹੈ। ਐਪਲ ਆਪਣ ਆਈਫੋਨ ਵਿੱਚ ਡਬਲ ਸਿਮ ਦੀ ਔਪਸ਼ਨ ਰੱਖੇਗਾ ਜਾਂ ਨਹੀਂ ਇਹ ਤਾਂ ਅਜੇ ਕਿਹਾ ਨਹੀਂ ਜਾ ਸਕਦਾ। ਪਿਛਲੇ ਕਾਫੀ ਵਕਤ ਤੋਂ ਇਹ ਉਮੀਦ ਕੀਤੀ ਜਾ ਰਹੀ ਹੈ ਕਿ ਆਈਫੋਨ ਵਿੱਚ ਡੁਅਲ ਸਿਮ ਸਪੋਰਟ ਦੇਣਾ ਭਾਰਤ ਵਰਗੇ ਬਾਜ਼ਾਰ ਵਿੱਚ ਐਪਲ ਲਈ ਗੇਮ ਚੇਂਜਰ ਸਾਬਤ ਹੋ ਸਕਦਾ ਹੈ।
ਸਾਲ 2018 ਵਿੱਚ ਐਪਲ ਆਈਫੋਨ ਦੇ ਤਿੰਨ ਵੈਰੀਐਂਟ ਲਾਂਚ ਕਰ ਸਕਦਾ ਹੈ। ਆਈਫੋਨ ਦੇ ਤਿੰਨ ਨਵੇਂ ਮਾਡਲਾਂ ਵਿੱਚੋਂ ਦੋ ਵਿੱਚ OLED ਡਿਸਪਲੇ ਹੋ ਸਕਦੀ ਹੈ ਜਦਕਿ ਤੀਜੇ ਵਿੱਚ LCD ਡਿਸਪਲੇ ਮਿਲ ਸਕਦੀ ਹੈ।