ਪੰਜਾਬ ਨੇ ਕੌਮੀ ਖੇਡਾਂ ‘ਚ ਮਾਰਿਆ ਮੋਰਚਾ

43 KHELO-INDIA
ਚੰਡੀਗੜ੍ਹ(Sting Operation)- ਭਾਰਤ ਸਰਕਾਰ ਵੱਲੋਂ ਪਹਿਲੀ ਵਾਰ ਕਰਵਾਈਆਂ ਗਈਆਂ ‘ਖੇਲੋ ਇੰਡੀਆ ਸਕੂਲ ਖੇਡਾਂ’ ਵਿੱਚ ਪੰਜਾਬ ਦੇ ਖਿਡਾਰੀਆਂ ਨੇ 10 ਸੋਨੇ, 5 ਚਾਂਦੀ ਤੇ 20 ਕਾਂਸੀ ਦੇ ਤਮਗਿਆਂ ਸਮੇਤ ਕੁੱਲ 35 ਤਮਗੇ ਜਿੱਤ ਕੇ ਓਵਰ ਆਲ 7ਵਾਂ ਸਥਾਨ ਹਾਸਲ ਕੀਤਾ ਹੈ। ਦਿੱਲੀ ਵਿਖੇ ਸਮਾਪਤ ਹੋਈਆਂ ਇਨ੍ਹਾਂ ਖੇਡਾਂ ਵਿੱਚ 29 ਸੂਬਿਆਂ ਤੇ 6 ਕੇਂਦਰ ਸਾਸ਼ਿਤ ਪ੍ਰਦੇਸ਼ਾਂ ਦੇ ਖਿਡਾਰੀਆਂ ਨੇ ਹਿੱਸਾ ਲਿਆ ਸੀ ਜਿਸ ਵਿੱਚ ਪੰਜਾਬ 35 ਟੀਮਾਂ ਵਿੱਚੋਂ ਸੱਤਵੇਂ ਨੰਬਰ ‘ਤੇ ਰਿਹਾ।
ਸਿੱਖਿਆ ਮੰਤਰੀ ਅਰੁਣਾ ਚੌਧਰੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਖੇਡਾਂ ਨੂੰ ਵਿਸ਼ੇਸ਼ ਤਰਜੀਹ ਦਿੱਤੀ ਜਾ ਰਹੀ ਹੈ ਤੇ ਖਾਸ ਕਰਕੇ ਪ੍ਰਾਇਮਰੀ ਪੱਧਰ ‘ਤੇ ਖੇਡ ਢਾਂਚਾ ਮਜ਼ਬੂਤ ਕੀਤਾ ਜਾ ਰਿਹਾ ਹੈ ਜਿਸ ਨਾਲ ਆਉਂਦੇ ਭਵਿੱਖ ਵਿੱਚ ਹੋਰ ਵੀ ਚੰਗੇ ਨਤੀਜੇ ਆਉਣਗੇ। ਚੌਧਰੀ ਨੇ ਹਿੱਸਾ ਲੈਣ ਵਾਲੇ ਸਾਰੇ ਖਿਡਾਰੀਆਂ ਨੂੰ ਵੀ ਵਧਾਈ ਦਿੱਤੀ ਜਿਨ੍ਹਾਂ ਸੱਚੀ-ਸੁੱਚੀ ਖੇਡ ਭਾਵਨਾ ਨਾਲ ਹਿੱਸਾ ਲਿਆ ਤੇ ਆਪਣੀ ਪੂਰੀ ਕੋਸ਼ਿਸ਼ ਕੀਤੀ। ਉਨ੍ਹਾਂ ਤਮਗੇ ਨਾ ਜਿੱਤਣ ਵਾਲੇ ਖਿਡਾਰੀਆਂ ਨੂੰ ਅੱਗੇ ਵਾਸਤੇ ਸ਼ੁਭ ਕਾਮਨਾਵਾਂ ਵੀ ਦਿੱਤੀਆਂ।
ਪੰਜਾਬ ਦੇ ਖੇਡ ਦਲ ਦੇ ਮੁਖੀ ਅਤੇ ਸਿੱਖਿਆ ਵਿਭਾਗ ਦੇ ਖੇਡ ਵਿੰਗ ਦੇ ਸਟੇਟ ਆਰਗੇਨਾਈਜ਼ਰ ਰੁਪਿੰਦਰ ਰਵੀ ਨੇ ਦੱਸਿਆ ਕਿ ਪੰਜਾਬ ਨੇ 90 ਸੋਨ ਤਮਗੇ ਜਿੱਤੇ ਜਿਨ੍ਹਾਂ ਵਿੱਚ ਬਾਸਕਟਬਾਲ ‘ਚ ਮੁੰਡਿਆਂ ਨੇ ਸੋਨ ਤਮਗਾ ਜਿੱਤਿਆ। ਇਸ ਤੋਂ ਇਲਾਵਾ 9 ਵਿਅਕਤੀਗਤ ਮੁਕਾਬਲਿਆਂ ਵਿੱਚ ਸੋਨ ਤਮਗੇ ਜਿੱਤੇ। ਇਨ੍ਹਾਂ ਵਿੱਚ ਅਥਲੀਟ ਚੰਨਵੀਰ ਕੌਰ ਨੇ 200 ਮੀਟਰ, ਮੁੱਕੇਬਾਜ਼ੀ ਵਿੱਚ ਕੋਮਲ ਤੇ ਏਕਤਾ ਸਰੋਜ, ਜੂਡੋ ਵਿੱਚ ਹਰਮਨਪ੍ਰੀਤ ਸਿੰਘ, ਮਨਪ੍ਰੀਤ, ਮਹਿਕਪ੍ਰੀਤ ਤੇ ਜਸਵੀਰ ਸਿੰਘ, ਤੀਰਅੰਦਾਜ਼ ਵਿਨਾਇਕ ਵਰਮਾ ਤੇ ਕੁਸ਼ਤੀ ਵਿੱਚ ਅਰਸ਼ਪ੍ਰੀਤ ਕੌਰ ਨੇ ਸੋਨ ਤਮਗਾ ਜਿੱਤਿਆ।
ਟੀਮ ਖੇਡਾਂ ਵਿੱਚੋਂ ਪੰਜਾਬ ਦੀ ਮੁੰਡਿਆਂ ਦੀ ਹਾਕੀ ਟੀਮ ਨੇ ਚਾਂਦੀ, ਕੁੜੀਆਂ ਦੀ ਟੀਮ ਨੇ ਕਾਂਸੀ ਦਾ ਤਮਗਾ ਤੇ ਫੁਟਬਾਲ ਵਿੱਚ ਮੁੰਡਿਆਂ ਦੀ ਟੀਮ ਨੇ ਚਾਂਦੀ ਦਾ ਤਮਗਾ ਜਿੱਤਿਆ। ਪੰਜਾਬ ਲਈ ਮਾਣ ਵਾਲੀ ਗੱਲ ਰਹੀ ਕਿ ਜੂਡੋ ਵਿੱਚ ਪੰਜਾਬ ਓਵਰ ਆਲ ਚੈਂਪੀਅਨ ਬਣਿਆ ਜਦੋਂ ਕਿ ਪੰਜਾਬ ਦੀ ਏਕਤਾ ਸਰੋਜ ਸਰਵੋਤਮ ਮੁੱਕੇਬਾਜ਼ ਐਲਾਨੀ ਗਈ।

About Sting Operation

Leave a Reply

Your email address will not be published. Required fields are marked *

*

themekiller.com