‘ਆਪ’ ਵਿਧਾਇਕਾ ਬਲਜਿੰਦਰ ਕੌਰ ਦੀਆਂ ਵਧੀਆਂ ਮੁਸ਼ਕਲਾਂ

57 baljinder
ਬਠਿੰਡਾ(Sting Operation)- ਤਲਵੰਡੀ ਸਾਬੋ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕਾ ਬਲਜਿੰਦਰ ਕੌਰ ਦੀਆਂ ਮੁਸ਼ਕਲਾਂ ਵਧ ਸਕਦੀਆਂ ਹਨ। ਤਲਵੰਡੀ ਸਾਬੋ ਦੇ ਐਸਡੀਐਮ ਨੇ ਜ਼ਿਲ੍ਹਾ ਚੋਣ ਅਧਿਕਾਰੀ ਨੂੰ ਭੇਜੀ ਰਿਪੋਰਟ ਵਿੱਚ ਬਲਜਿੰਦਰ ਕੌਰ ਨੂੰ ਦੋਹਰੀ ਵੋਟ ਬਣਾਉਣ ਤੇ ਚੋਣ ਕਮਿਸ਼ਨ ਨੂੰ ਗਲਤ ਜਾਣਕਾਰੀ ਦੇਣ ਦਾ ਦੋਸ਼ੀ ਬਣਾਇਆ ਹੈ। ਇਹ ਰਿਪੋਰਟ 8 ਫਰਵਰੀ, 2018 ਨੂੰ ਸੌਂਪੀ ਗਈ ਹੈ। ਦੂਜੇ ਪਾਸੇ ਆਪ ਵਿਧਾਇਕਾ ਬਲਜਿੰਦਰ ਕੌਰ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਪੰਜਾਬ ਵਿੱਚ ਬਦਨਾਮ ਕਰਨ ਲਈ ਇਹ ਸਾਜ਼ਿਸ਼ ਰਚੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨ ਨੂੰ ਇਸ ਦੀ ਮੁੜ ਤੋਂ ਜਾਂਚ ਕਰਨੀ ਚਾਹੀਦੀ ਹੈ।
ਦਰਅਸਲ ਆਰਟੀਆਈ ਕਾਰਕੁਨ ਤੇ ਆਮ ਆਦਮੀ ਪਾਰਟੀ ਦਾ ਹਿੱਸਾ ਰਹੇ ਹਰਮਿਲਾਪ ਗਰੇਵਾਲ ਵੱਲੋਂ ਪਾਈ ਸ਼ਿਕਾਇਤ ‘ਤੇ ਕਾਰਵਾਈ ਕਰਦਿਆਂ ਚੋਣ ਕਮਿਸ਼ਨ ਨੇ ਜ਼ਿਲ੍ਹਾ ਚੋਣ ਅਫ਼ਸਰ ਨੂੰ ਜਾਂਚ ਦੇ ਹੁਕਮ ਦਿੱਤੇ ਸੀ। ਇਸ ਦੀ ਜਾਂਚ ਤਲਵੰਡੀ ਸਾਬੋ ਦੇ ਐਸਡੀਐਮ ਵੱਲੋਂ ਕੀਤੀ ਜਾ ਰਹੀ ਸੀ।
ਕੀ ਹੈ ਪੂਰਾ ਮਾਮਲਾ:
ਹਰਮਿਲਾਪ ਗਰੇਵਾਲ ਨੇ ਦੱਸਿਆ ਕਿ ਬਲਜਿੰਦਰ ਕੌਰ ਨੂੰ ਉਨ੍ਹਾਂ ਦੇ ਹੀ ਪਿੰਡ ਜੱਗਾ ਰਾਮ ਤੀਰਥ ਦੇ ਅਮਰਜੀਤ ਸਿੰਘ ਨੇ 1997 ਵਿੱਚ ਗੋਦ ਲਿਆ ਸੀ। ਉਸ ਤੋਂ ਤਿੰਨ ਸਾਲ ਬਾਅਦ 2002 ਵਿੱਚ ਅਮਰਜੀਤ ਸਿੰਘ ਦੀ ਮੌਤ ਹੋ ਗਈ ਸੀ। ਉਸ ਦੀ ਮੌਤ ਤੋਂ ਤਕਰੀਬਨ ਤਿੰਨ ਸਾਲ ਬਾਅਦ 18 ਨਵੰਬਰ, 2005 ਨੂੰ ਬਲਜਿੰਦਰ ਕੌਰ ਨੇ ਆਪਣੀ ਪਹਿਲੀ ਵੋਟ ਬਣਾਈ ਸੀ। ਇਸ ਵਿੱਚ ਉਨ੍ਹਾਂ ਆਪਣੇ ਅਸਲੀ ਪਿਤਾ ਦਰਸ਼ਨ ਸਿੰਘ ਦੀ ਬਜਾਏ ਅਮਰਜੀਤ ਸਿੰਘ ਨਾਮ ਲਿਖਿਆ ਸੀ ਜਿਨ੍ਹਾਂ ਨੇ ਉਨ੍ਹਾਂ ਨੂੰ ਗੋਦ ਲਿਆ ਸੀ।
ਇਸ ਤੋਂ ਬਾਅਦ 2007 ਵਿੱਚ ਅਮਰਜੀਤ ਸਿੰਘ ਦੀ ਜ਼ਮੀਨ ਤੇ ਦਾਅਵੇਦਾਰੀ ਪੇਸ਼ ਕਰਦਿਆਂ ਬਲਜਿੰਦਰ ਕੌਰ ਨੇ ਅਦਾਲਤ ਵਿੱਚ ਗੋਦਨਾਮਾ ਤੇ ਹਲਫਨਾਮਾ ਦਾਖਲ ਕੀਤਾ ਸੀ। ਇਸ ਵਿੱਚ ਵੀ ਉਨ੍ਹਾਂ ਨੇ ਆਪਣੇ ਆਪ ਨੂੰ ਅਮਰਜੀਤ ਕੌਰ ਦੀ ਗੋਦ ਲਈ ਪੁੱਤਰੀ ਹੀ ਦੱਸਿਆ ਸੀ। ਅਮਰਜੀਤ ਦੀ ਗ੍ਰੈਜੂਟੀ ਵਿੱਚੋਂ ਪੰਜਾਹ ਹਜ਼ਾਰ ਦੇ ਕਰੀਬ ਰਕਮ ਵੀ ਕਢਵਾਈ ਸੀ। ਇਸ ਤੋਂ ਬਾਅਦ ਪਤਾ ਲੱਗਾ ਕਿ ਅਮਰਜੀਤ ਸਿੰਘ ਆਪਣੀ ਮੌਤ ਤੋਂ ਪਹਿਲਾਂ ਹੀ ਇੱਕ ਵਸੀਅਤ ਆਪਣੇ ਭਤੀਜੇ ਚਰਨਜੀਵ ਦੇ ਨਾਮ ਕਰ ਗਿਆ ਸੀ। ਇਸ ਤੋਂ ਬਾਅਦ 2011 ਵਿੱਚ ਚਰਨਜੀਵ ਤੇ ਬਲਜਿੰਦਰ ਕੌਰ ਦਾ ਰਾਜ਼ੀਨਾਮਾ ਹੋ ਗਿਆ। ਇਸ ਰਾਜੀਨਾਮੇ ਤੋਂ ਤਿੰਨ ਮਹੀਨੇ ਬਾਅਦ 22 ਜੂਨ, 2011 ਵਿੱਚ ਬਲਜਿੰਦਰ ਕੌਰ ਨੇ ਬਿਨਾਂ ਪਹਿਲੀ ਵੋਟ ਕਟਵਾਏ ਦੂਸਰੀ ਵੋਟ ਆਪਣੇ ਅਸਲੀ ਪਿਤਾ ਜਾਨੀ ਦਰਸ਼ਨ ਸਿੰਘ ਦੇ ਨਾਮ ਬਣਵਾਈ। ਇਸੇ ਵੋਟ ‘ਤੇ ਹੀ ਉਸ ਨੇ 2014 ਦੀ ਜ਼ਿਮਨੀ ਚੋਣ ਲੜੀ ਸੀ।
ਉਸ ਵੇਲੇ ਬਲਜਿੰਦਰ ਕੌਰ ਦੇ ਵਿਰੋਧੀ ਤੇ ਪੰਜਾਬੀ ਗਾਇਕ ਬਲਕਾਰ ਸਿੱਧੂ ਵੱਲੋਂ ਸ਼ਿਕਾਇਤ ਵੀ ਦਰਜ ਕੀਤੀ ਗਈ ਸੀ ਕਿ ਬਲਜਿੰਦਰ ਕੌਰ ਨੇ ਦੋਹਰੀ ਵੋਟ ਬਣਵਾਈ ਹੈ। ਇਸ ‘ਤੇ ਕਾਰਵਾਈ ਕਰਦਿਆਂ ਉਸ ਵੇਲੇ ਦੇ ਰਿਟਰਨਿੰਗ ਆਫ਼ੀਸਰ ਨੇ 13 ਅਗਸਤ, 2014 ਨੂੰ ਜ਼ਿਲ੍ਹਾ ਚੋਣ ਅਫਸਰ ਕਮ ਡਿਪਟੀ ਕਮਿਸ਼ਨਰ ਨੂੰ ਇਹ ਲਿਖ ਕੇ ਭੇਜਿਆ ਸੀ ਕਿ ਉਹ ਬਲਜਿੰਦਰ ਕੌਰ ਦੇ ਜਵਾਬ ਤੋਂ ਸੰਤੁਸ਼ਟ ਨਹੀਂ। ਇਸ ਤੋਂ ਠੀਕ ਹਫਤੇ ਬਾਅਦ 21 ਅਗਸਤ, 2014 ਨੂੰ ਚੋਣ ਹੋ ਗਈ ਤੇ ਉਹ ਗੱਲ ਠੰਢੇ ਬਸਤੇ ਵਿੱਚ ਪੈ ਗਈ।
2017 ਦੀ ਵਿਧਾਨ ਸਭਾ ਚੋਣ ਵੇਲੇ ਇਹ ਮੁੱਦਾ ਫਿਰ ਭਖਿਆ ਪਰ ਰਿਟਰਨਿੰਗ ਅਫਸਰ ਦਾ ਜਵਾਬ ਸੀ ਕਿ ਇਸ ਮਾਮਲੇ ਤੇ ਪਹਿਲਾਂ ਹੀ ਜ਼ਿਮਨੀ ਚੋਣ ਵੇਲੇ ਫ਼ੈਸਲਾ ਲਿਆ ਜਾ ਚੁੱਕਾ ਹੈ ਜਦਕਿ ਉਸ ਵੇਲੇ ਕਾਰਵਾਈ ਹੋਈ ਹੀ ਨਹੀਂ ਸੀ। ਇਸ ਪੂਰੇ ਮਾਮਲੇ ਤੇ ਅਗਸਤ 2017 ਵਿੱਚ ਆਰਟੀਆਈ ਕਾਰਕੁਨ ਤੇ ਆਮ ਆਦਮੀ ਪਾਰਟੀ ਦਾ ਹਿੱਸਾ ਰਹੇ ਹਰਮਿਲਾਪ ਸਿੰਘ ਗਰੇਵਾਲ ਵੱਲੋਂ ਅਰਜ਼ੀ ਰਾਹੀਂ ਰਾਜ ਚੋਣ ਕਮਿਸ਼ਨ, ਭਾਰਤ ਚੋਣ ਕਮਿਸ਼ਨ, ਮੁੱਖ ਮੰਤਰੀ ਤੇ ਵਿਧਾਨ ਸਭਾ ਦੇ ਸਪੀਕਰ ਨੂੰ ਇਸ ਮੁੱਦੇ ਤੇ ਜਾਂਚ ਕਰਨ ਲਈ ਮੰਗ ਕੀਤੀ ਸੀ।
ਇਸ ਉੱਪਰ ਕਾਰਵਾਈ ਕਰਦਿਆਂ ਚੋਮ ਕਮਿਸ਼ਨ ਨੇ ਬਠਿੰਡਾ ਦੇ ਜ਼ਿਲ੍ਹਾ ਚੋਣ ਅਫ਼ਸਰ ਨੂੰ ਜਾਂਚ ਦੇ ਹੁਕਮ ਦਿੱਤੇ ਸਨ। ਉਸੇ ਹੀ ਜਾਂਚ ਵਿੱਚ ਬਲਜਿੰਦਰ ਕੌਰ ਨੂੰ ਦੋਹਰੀ ਵੋਟ ਬਣਾਉਣ ਤੇ ਚੋਣ ਕਮਿਸ਼ਨ ਨੂੰ ਝੂਠ ਬੋਲਣ ਦਾ ਦੋਸ਼ੀ ਪਾਇਆ ਹੈ। ਸ਼ਿਕਾਇਤਕਰਤਾ ਨੇ ਮੰਗ ਕੀਤੀ ਹੈ ਕਿ ਬਲਜਿੰਦਰ ਕੌਰ ਨੂੰ ਵਿਧਾਇਕ ਪਦ ਤੋਂ ਹਟਾਇਆ ਜਾਵੇ ਤੇ ਹੁਣ ਤੱਕ ਦਿੱਤੇ ਉਸ ਨੂੰ ਸਾਰੇ ਪੱਤੇ ਉਸ ਤੋਂ ਵਾਪਸ ਲਏ ਜਾਣ।

About Sting Operation

Leave a Reply

Your email address will not be published. Required fields are marked *

*

themekiller.com