ਹਾਕੀ ‘ਚ ਬੀਐਸਐਫ ਤੇ ਫਰਿਜ਼ਨੋ ਅਕੈਡਮੀ ਨੇ ਮਾਰੀ ਬਾਜ਼ੀ

18 sports
ਲੁਧਿਆਣਾ(Sting Operation)- ਮਾਤਾ ਸਾਹਿਬ ਕੌਰ ਸਪੋਰਟਸ ਚੈਰੀਟੇਬਲ ਟਰੱਸਟ ਵੱਲੋਂ ਕਰਵਾਈਆਂ ਗਈਆਂ ਕੋਕਾ-ਕੋਲਾ ਏਵਨ ਸਾਈਕਲ ਮਾਰੂਤੀ ਸੁਜ਼ੂਕੀ 31ਵੀਆਂ ਮਾਡਰਨ ਪੇਂਡੂ ਮਿੰਨੀ ਓਲ਼ੰਪਿਕ ਜਰਖੜ ਖੇਡਾਂ ਖਰਾਬ ਮੌਸਮ ਹੋਣ ਦੇ ਬਾਵਜੂਦ ਯਾਦਗਾਰੀ ਰਹੀਆਂ। ਆਖਰੀ ਦਿਨ ਜਿੱਥੇ ਵੱਖ-ਵੱਖ ਖੇਡਾਂ ਤੇ ਲੋਕ ਗਾਇਕ ਰਣਜੀਤ ਬਾਵਾ ਦਾ ਅਖਾੜਾ ਖਿੱਚ ਦਾ ਕੇਂਦਰ ਰਿਹਾ, ਉਥੇ ਰਾਜਨੀਤਕ ਆਗੂਆਂ ਦੇ ਆਉਣ ਜਾਣ ਦਾ ਤਾਂਤਾ ਵੀ ਲੱਗਿਆ ਰਿਹਾ।
ਅੱਜ ਫਾਈਨਲ ਮੁਕਾਬਲਿਆਂ ਦੌਰਾਨ ਮਹਿੰਦਰ ਪ੍ਰਤਾਪ ਗਰੇਵਾਲ ਹਾਕੀ ਮੁਕਾਬਲਿਆਂ ਵਿੱਚ ਜੂਨੀਅਰ ਵਰਗ ‘ਚ ਫਰਿਜ਼ਨੋ ਅਕਾਦਮੀ ਕੈਲੀਫੋਰਨੀਆ ਨੇ ਪ੍ਰਿਥੀਪਾਲ ਇਲੈਵਨ ਨੂੰ 4-2 ਨਾਲ , ਸੀਨੀਅਰ ਵਰਗ ‘ਚ ਬੀਐਸਐਫ ਜਲੰਧਰ ਨੇ ਈਐਮਈ ਨੂੰ 3-1 ਨਾਲ, ਕੁੜੀਆਂ ਦੇ ਵਰਗ ‘ਚ ਯੂਕੋ ਬੈਂਕ ਦਿੱਲੀ ਨੇ ਸ਼ਾਹਬਾਦ ਮਾਰਕੰਡਾ ਨੂੰ 1-1 ਗੋਲਾਂ ਦੀ ਬਰਾਬਰੀ ਬਾਅਦ ਸ਼ੂਟਆਊਟ ‘ਚ 4-3 ਨਾਲ ਹਰਾਇਆ। ਸੁਖਪਾਲ ਸਿੰਘ ਗਿੱਲ ਵਾਲੀਬਾਲ ਮੁਕਾਬਲਿਆਂ ਵਿੱਚ ਹਰਿਆਣਾ ਨੇ ਪਹਿਲਾ ਸਥਾਨ, ਫਿਰੋਜ਼ਸ਼ਾਹ ਨੇ ਦੂਸਰਾ, ਗੰਢੂਆਂ ਨੇ ਤੀਸਰਾ, ਚੱਕ ਕਲਾਂ ਨੇ ਚੌਥਾ ਸਥਾਨ ਹਾਸਲ ਕਰਕੇ ਏਵਨ ਸਾਈਕਲ ਜਿੱਤੇ।
ਕਬੱਡੀ ਅਕੈਡਮੀਆਂ ‘ਚ ਗਾਖਲ ਕਬੱਡੀ ਅਕਾਦਮੀ ਕੈਲੀਫੋਰਨੀਆ ਨੇ ਸ਼ਹੀਦ ਭਗਤ ਸਿੰਘ ਅਕੈਡਮੀ ਐਬਸਫੋਰਡ ਨੂੰ 24-22 ਨਾਲ ਹਰਾ ਕੇ ਗਾਖਲ ਬ੍ਰਦਰਜ਼ ਕੱਪ ਜਿੱਤਿਆ ਜਦਕਿ ਧਰਮ ਸਿੰਘ ਜਰਖੜ ਕਬੱਡੀ (ਇਕ ਪਿੰਡ ਕਬੱਡੀ ਓਪਨ) ਕੱਪ ‘ਚ ਮੰਡੀਆਂ ਨੇ ਦਿੜ੍ਹਬਾ ਨੂੰ ਹਰਾਇਆ। ਮੰਡੀਆਂ ਦਾ ਤੇਜਪਾਲ ਤੇ ਦਿੜ੍ਹਬਾ ਦਾ ਸ਼ੈਲੀ ਸਰਵੋਤਮ ਖਿਡਾਰੀ ਚੁਣੇ ਗਏ। ਇਸ ਤੋਂ ਇਲਾਵਾ ਮੰਦਰ ਜੋਧਾਂ, ਗੋਪੀ ਮੰਡੀਆਂ, ਅਮਨਾ ਜਨੇਤਪੁਰ ਆਪਣੀ ਵਧੀਆ ਖੇਡ ਸਦਕਾ ਦਰਸ਼ਕਾਂ ਦੇ ਹੀਰੋ ਬਣੇ ਰਹੇ।
ਬਾਸਕਟਬਾਲ ਮੁੰਡਿਆਂ ਵਿੱਚ ਲੁਧਿਆਣਾ ਅਕੈਡਮੀ ਨੇ ਜਿਮਖਾਨਾ ਅਕਾਦਮੀ ਨੂੰ ਕੁੜੀਆਂ ‘ਚ ਪੰਜਾਬ ਪੁਲਿਸ ਨੇ ਲੁਧਿਆਣਾ ਨੂੰ ਹਰਾ ਕੇ ਖਿਤਾਬੀ ਜਿੱਤ ਹਾਸਲ ਕੀਤੀ। ਇਸ ਮੌਕੇ ਗੋਲਡ ਜਿਮ ਵੱਲੋਂ ਹਾਕੀ ਤੇ ਕਬੱਡੀ ਦੀਆਂ ਚੈਂਪੀਅਨ ਟੀਮਾਂ ਤੋਂ ਇਲਾਵਾ ਜਰਖੜ ਅਕੈਡਮੀ ਦੇ ਖਿਡਾਰੀਆਂ ਨੂੰ ਗੋਲਡ ਜਿਮ ਵਿੱਚ ਪ੍ਰੈਕਟਿਸ ਕਰਨ ਲਈ ਮੁਫਤ ਮੈਂਬਰਸ਼ਿਪ ਦੇਣ ਦਾ ਐਲਾਨ ਕੀਤਾ।
ਖੇਡਾਂ ਦੇ ਫਾਈਨਲ ਸਮਾਰੋਹ ਤੇ ਕੁਲਵੰਤ ਸਿੰਘ ਧਾਲੀਵਾਲ ਅੰਬੈਸਡਰ ਵਰਲਡ ਕੈਂਸਰ ਕੇਅਰ ਸੈਂਟਰ ਨੂੰ ਭਗਤ ਪੂਰਨ ਸਿੰਘ ਸਮਾਜ ਸੇਵੀ ਐਵਾਰਡ, ਫਿਲਮ ਕਲਾਕਾਰ ਹੌਬੀ ਧਾਲੀਵਾਲ ਨੂੰ ਜਗਦੇਵ ਸਿੰਘ ਜੱਸੋਵਾਲ ਐਵਾਰਡ, ਓਂਕਾਰ ਸਿੰਘ ਪਾਹਵਾ ਨੂੰ ਜਰਖੜ ਖੇਡਾਂ ਦਾ ਮਾਣ ਐਵਾਰਡ, ਪ੍ਰੀਤਮ ਸਿੰਘ ਗਰੇਵਾਲ ਯੂਕੇ ਨੂੰ ਖੇਡ ਪ੍ਰਮੋਟਰ ਅਮਰਜੀਤ ਸਿੰਘ ਗਰੇਵਾਲ ਐਵਾਰਡ, ਜਸਵੰਤ ਸਿੰਘ ਗਰੇਵਾਲ ਨੂੰ ਖੇਡ ਪ੍ਰਮੋਟਰ ਐਵਾਰਡ, ਸਾਹਿਬ ਸਿੰਘ ਥਿੰਦ ਨੂੰ ਗਦਰੀ ਬਾਬਿਆਂ ਦੀ ਯਾਦ ਸੰਭਾਲਣ ਬਦਲੇ ਲਾਈਫ ਟਾਈਮ ਅਚੀਵਮੈਂਟ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।

About Sting Operation

Leave a Reply

Your email address will not be published. Required fields are marked *

*

themekiller.com