ਵਿਧਾਨ ਸਭਾ ਦਾ ਬਜਟ ਸੈਸ਼ਨ 20 ਮਾਰਚ ਤੋਂ

32 BUDGET
ਚੰਡੀਗੜ੍ਹ (Sting Operation)- ਪੰਜਾਬ ਵਿਧਾਨ ਸਭਾ ਦਾ ਬੱਜਟ ਸੈਸ਼ਨ 20 ਤੋਂ 28 ਮਾਰਚ ਤੱਕ ਹੋਏਗਾ। ਬੱਜਟ 24 ਮਾਰਚ ਨੂੰ ਪੇਸ਼ ਕੀਤਾ ਜਾ ਸਕਦਾ ਹੈ। ਇਹ ਫੈਸਲਾ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਕੈਬਨਿਟ ਮੀਟਿੰਗ ਵਿੱਚ ਲਿਆ ਗਿਆ। ਕੈਬਨਿਟ ਦੇ ਇਸ ਫੈਸਲੇ ਅਨੁਸਾਰ ਭਾਰਤੀ ਸੰਵਿਧਾਨ ਦੀ ਧਾਰਾ 174 ਦੀ ਕਲਾਜ਼ (1) ਅਨੁਸਾਰ 15ਵੀਂ ਪੰਜਾਬ ਵਿਧਾਨ ਸਭਾ ਦਾ ਚੌਥਾ ਸਮਾਗਮ ਸੱਦੇ ਜਾਣ ਲਈ ਪੰਜਾਬ ਦੇ ਰਾਜਪਾਲ ਨੂੰ ਅਧਿਕਾਰਤ ਕੀਤਾ ਗਿਆ ਹੈ।
ਬਜਟ ਸੈਸ਼ਨ 20 ਮਾਰਚ ਨੂੰ ਸ਼ਰਧਾਂਜਲੀਆਂ ਦੇ ਨਾਲ ਸ਼ੁਰੂ ਹੋਵੇਗਾ ਤੇ ਉਸੇ ਦਿਨ ਸਵੇਰੇ 11 ਵਜੇ ਰਾਜਪਾਲ ਦਾ ਭਾਸ਼ਣ ਹੋਵੇਗਾ। ਪਹਿਲੇ ਦਿਨ ਦੋ ਸੈਸ਼ਨ ਹੋਣਗੇ। ਰਾਜਪਾਲ ਦੇ ਭਾਸ਼ਣ ’ਤੇ ਧੰਨਵਾਦ ਦਾ ਮਤਾ 21 ਮਾਰਚ ਨੂੰ ਪੇਸ਼ ਕੀਤਾ ਜਾਵੇਗਾ। ਇਸ ਤੋਂ ਬਾਅਦ ਇਸ ’ਤੇ ਚਰਚਾ ਹੋਵੇਗੀ। ਇਸ ਮਤੇ ’ਤੇ ਬਹਿਸ ਅਗਲੇ ਦੋ ਦਿਨ ਤੱਕ ਚੱਲੇਗੀ।
23 ਮਾਰਚ ਨੂੰ ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਵਸ ਕਾਰਨ ਸਮਾਗਮ ਨਹੀਂ ਹੋਵੇਗਾ। ਸਾਲ 2016-17 ਦੀ ਭਾਰਤ ਦੇ ਕੰਪਟਰੋਲਰ ਤੇ ਅਡੀਟਰ ਜਨਰਲ ਦੀਆਂ ਰਿਪੋਰਟਾਂ (ਸਿਵਲ, ਵਪਾਰਕ), ਸਾਲ 2016-17 ਦੇ ਪੰਜਾਬ ਸਰਕਾਰ ਦੇ ਵਿੱਤੀ ਲੇਖੇ ਤੇ ਸਾਲ 2016-17 ਦੀ ਨਮਿੱਤਣ ਲੇਖੇ ਦੀਆਂ ਰਿਪੋਰਟਾਂ 24 ਮਾਰਚ ਨੂੰ ਸਵੇਰੇ 10 ਵਜੇ ਸਦਨ ਵਿੱਚ ਰੱਖੇ ਜਾਣ ਦੀ ਸੰਭਾਵਨਾ ਹੈ।
ਸਾਲ 2017-18 ਲਈ ਗਰਾਂਟਾਂ ਲਈ ਅਨੁਪੂਰਕ ਮੰਗਾਂ, ਸਾਲ 2017-18 ਦੀਆਂ ਗਰਾਂਟਾਂ ਲਈ ਅਨੁਪੂਰਕ ਮੰਗਾਂ ’ਤੇ ਨਮਿੱਤਣ ਬਿੱਲ, ਸਾਲ 2018-19 ਦੇ ਬਜਟ ਅਨੁਮਾਨ ਵੀ 24 ਮਾਰਚ ਨੂੰ ਪੇਸ਼ ਕੀਤੇ ਜਾਣਗੇ। ਬਜਟ ਅਨੁਮਾਨਾਂ ਬਾਰੇ ਬਹਿਸ 26 ਮਾਰਚ ਨੂੰ ਬਾਅਦ ਦੁਪਹਿਰ ਦੋ ਵਜੇ ਸ਼ੁਰੂ ਹੋਵੇਗੀ ਤੇ ਇਹ ਅਗਲੇ ਦਿਨ ਵੀ ਜਾਰੀ ਰਹੇਗੀ।
ਸਾਲ 2018-19 ਦੇ ਬਜਟ ਅਨੁਮਾਨਾਂ ਸਬੰਧੀ ਮੰਗਾਂ ’ਤੇ ਬਹਿਸ ਅਤੇ ਵੋਟਿੰਗ, ਸਾਲ 2018-19 ਲਈ ਬਜਟ ਅਨੁਮਾਨਾਂ ਬਾਰੇ ਨਮਿੱਤਣ ਬਿੱਲ ਤੇ ਵਿਧਾਨਿਕ ਕੰਮਕਾਰ 28 ਮਾਰਚ ਨੂੰ ਹੋਣਗੇ। ਇਸ ਤੋਂ ਬਾਅਦ ਸਦਨ ਨੂੰ ਅਣਮਿੱਥੇ ਸਮੇਂ ਲਈ ਮੁਅੱਤਲ ਕਰ ਦਿੱਤਾ ਜਾਵੇਗਾ।

About Sting Operation

Leave a Reply

Your email address will not be published. Required fields are marked *

*

themekiller.com