ਫਰਾਂਸ ਦੇ ਸਿੱਖਾਂ ਦੀ ਪੱਗ ਦਾ ਮਸਲਾ ਚੁੱਕਣ ਮੋਦੀ!

35 Modi
ਨਵੀਂ ਦਿੱਲੀ(Sting Operation)- ਚਾਰ ਰੋਜ਼ਾ ਭਾਰਤ ਦੌਰੇ ‘ਤੇ ਆਏ ਫਰਾਂਸ ਦੇ ਰਾਸ਼ਟਰਪਤੀ ਦੇ ਨਾਲ ਪਗੜੀ ਤੇ ਹੋਰ ਸਿੱਖ ਕੱਕਾਰਾਂ ‘ਤੇ ਪਾਬੰਦੀ ਦਾ ਮਾਮਲਾ ਉਠਾਇਆ ਜਾਵੇ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀ ਐਸ ਜੀ ਐਮ ਸੀ) ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਇਹ ਮੰਗ ਕੀਤੀ ਹੈ।
ਸਿਰਸਾ ਨੇ ਕਿਹਾ ਕਿ ਪਹਿਲਾਂ ਵੀ ਉਹਨਾਂ ਨੇ ਪ੍ਰਧਾਨ ਮੰਤਰੀ ਨੂੰ ਜਾਣੂ ਕਰਵਾਇਆ ਸੀ ਕਿ ਫਰਾਂਸ ਦੇ ਸਕੂਲਾਂ ਵਿਚ ਸਿੱਖ ਬੱਚਿਆਂ ਨੂੰ ਦਸਤਾਰ ਤੇ ਹੋਰ ਸਿੱਖ ਕੱਕਾਰ ਹਟਾਉਣ ਲਈ ਮਜ਼ਬੂਰ ਕੀਤਾ ਜਾ ਰਿਹਾ ਹੈ ਪਰ ਹੁਣ ਇਕ ਨਵੀਂ ਮੁਸ਼ਕਿਲ ਆਣ ਪਈ ਹੈ ਕਿ ਫਰਾਂਸ ਸਰਕਾਰ ਨੇ ਇਹ ਲਾਜ਼ਮੀ ਕਰ ਦਿੱਤਾ ਹੈ ਕਿ ਕਿਸੇ ਵੀ ਸਰਕਾਰੀ ਸ਼ਨਾਖਤ ਪੱਤਰ ਵਾਸਤੇ ਲਾਜ਼ਮੀ ਹੋਵੇਗੀ ਕਿ ਪਗੜੀ ਉਤਾਰ ਕੇ ਫੋਟੋ ਖਿਚਵਾਈ ਜਾਵੇ। ਉਨ੍ਹਾਂ ਕਿਹਾ ਕਿ ਅਜਿਹੇ ਹਾਲਾਤ ਵਿਚ ਸਿੱਖਾਂ ਨੂੰ ਅਜਿਹੇ ਸ਼ਨਾਖਤੀ ਕਾਰਡ ਬਣਵਾਉਣ ਵਾਸਤੇ ਪੱਗਾਂ ਲਾਹ ਕੇ ਫੋਟੋ ਕਰਵਾਉਣ ਲਈ ਮਜ਼ਬੂਰ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਇੰਨਾ ਹੀ ਨਹੀਂ ਬਲਕਿ ਫਰਾਂਸ ਵਿਚ ਕਿਸੇ ਵੀ ਪਗੜੀਧਾਰੀ ਸਿੱਖ ਨੂੰ ਕੋਈ ਨੌਕਰੀ ਨਹੀਂ ਦਿੱਤੀ ਜਾਂਦੀ।
ਉਹਨਾਂ ਕਿਹਾ ਕਿ ਫਰਾਂਸ ਸਰਕਾਰ ਦੇ ਇਹਨਾਂ ਪਾਬੰਦੀ ਵਾਲੇ ਹੁਕਮਾਂ ਦੀ ਬਦੌਲਤ ਸਿੱਖ ਭਾਈਚਾਰੇ ਵਿਚ ਭਾਰੀ ਗੁੱਸੇ ਦੀ ਲਹਿਰ ਹੈ। ਉਹਨਾਂ ਕਿਹਾ ਕਿ ਇਹ ਚੀਜ਼ਾਂ ਧਾਰਨ ਕਰਨੀਆਂ ਸਿੱਖ ਭਾਈਚਾਰੇ ਵਾਸਤੇ ਕੋਈ ਫੈਸ਼ਨ ਨਹੀਂ ਹੈ ਬਲਕਿ ਉਹ ਸਿੱਖ ਗੁਰੂ ਸਾਹਿਬਾਨ ਵੱਲੋਂ ਦਿੱਤੇ ਆਦੇਸ਼ਾਂ ਅਨੁਸਾਰ ਇਹ ਕੱਕਾਰ ਧਾਰਨ ਕਰਨ ਦੇ ਪਾਬੰਦ ਹਨ। ਉਹਨਾਂ ਕਿਹਾ ਕਿ ਦੁਨੀਆਂ ਭਰ ਵਿਚ ਬੈਠੇ ਸਿੱਖ ਗੁਰੂ ਸਾਹਿਬਾਨ ਵੱਲੋਂ ਦਿੱਤੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਕੱਕਾਰ ਧਾਰਨ ਕਰ ਰਹੇ ਹਨ। ਉਹਨਾਂ ਕਿਹਾ ਕਿ ਸਿੱਖ ਮਿਹਨਤੀ ਤੇ ਅਮਨ ਪਸੰਦ ਲੋਕ ਹਨ ਜੋ ਆਪਣੇ ਕੰਮ ਦਾ ਲੋਹਾ ਮੰਨਵਾ ਚੁੱਕੇ ਹਨ ਤੇ ਦੇਸ਼ ਤੇ ਦੁਨੀਆਂ ਦੇ ਵੱਖ ਵੱਖ ਹਿੱਸਿਆਂ ਵਿਚ ਇਹਨਾਂ ਨੇ ਮਾਣ ਮੱਤੇ ਅਹੁਦੇ ਹਾਸਲ ਕੀਤੇ ਹਨ।

About Sting Operation

Leave a Reply

Your email address will not be published. Required fields are marked *

*

themekiller.com