ਚੰਡੀਗੜ੍ਹ(Sting Operation)- ਫਰਾਂਸ ਦੇ ਰਾਸ਼ਟਰਪਤੀ ਏਮੈਨੂਅਲ ਮੈਕ੍ਰੋਂ ਦੇ ਭਾਰਤ ਦੇ ਦੌਰੇ ਦੌਰਾਨ ਫਰਾਂਸ ‘ਚ ਬੈਠੇ ਸਿੱਖਾਂ ਨੇ ਦਸਤਾਰ ਦੇ ਮਸਲੇ ਬਾਰੇ ਭਾਰਤ ਦੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਪੱਤਰ ਲਿਖਿਆ ਹੈ। ਫਰਾਂਸ ਦੇ ਰਾਸ਼ਟਰਪਤੀ ਦਾ ਭਾਰਤੀ ਦੌਰਾ ਸ਼ੁੱਕਰਵਾਰ ਤੋਂ ਸ਼ੁਰੂ ਹੋਇਆ ਜਿਸ ਦੌਰਾਨ ਫਰਾਂਸ ਦੇ ਸਿੱਖਾਂ ਨੇ ਸੁਸ਼ਮਾ ਸਵਰਾਜ ਨੂੰ ਦਸਤਾਰ ਦੇ ਮਾਮਲੇ ਦਾ ਨੋਟਿਸ ਲੈਣ ਦੀ ਅਪੀਲ ਕੀਤੀ।
ਸੁਸ਼ਮਾ ਸਵਰਾਜ ਨੂੰ ਫਰਾਂਸ ਦੇ ਸਿੱਖਾਂ ਨੇ ਦਸਤਾਰ ਬਾਰੇ ਸਿੱਖਾਂ ਦੀ ਕੀਤੀ ਜਾ ਰਹੀ ਬੇਅਦਬੀ ਦੀ ਕਹਾਣੀ ਬਿਆਨ ਕੀਤੀ ਹੈ। ਸੰਸਥਾ ‘ਸਿੱਖਸ ਦ ਫਰਾਂਸ’ ਵੱਲੋਂ ਲਿਖੀ ਚਿੱਠੀ ‘ਚ ਦੱਸਿਆ ਗਿਆ ਹੈ ਕਿ ਦਸਤਾਰਬੰਦ ਸਿੱਖਾਂ ਨਾਲ ਮੰਦਾ ਵਤੀਰਾ ਕਈ ਸਾਲਾਂ ਤੋਂ ਚੱਲ ਰਿਹਾ ਹੈ। ਹਾਲਾਂਕਿ, ਪਿਛਲੇ ਕੁਝ ਸਮੇਂ ਤੋਂ ਖ਼ਬਰਾਂ ‘ਚ ਲਿਖਿਆ ਜਾ ਰਿਹਾ ਸੀ ਮਾਹੌਲ ਹੁਣ ਬਦਲ ਚੁੱਕਾ ਹੈ, ਪਰ ਸੁਸ਼ਮਾ ਸਵਰਾਜ ਨੂੰ ਲਿਖੀ ਚਿੱਠੀ ਇਹ ਸਪਸ਼ਟ ਕੀਤਾ ਹੈ ਕਿ ਅੱਜ ਵੀ ਦਸਤਾਰਬੰਦ ਸਿੱਖਾਂ ਨੂੰ ਕਿਸੇ ਵੀ ਸਰਕਾਰੀ ਕਾਗਜ਼ਾਂ ‘ਤੇ ਲੱਗਣ ਵਾਲੀ ਫ਼ੋਟੋ ਕਰਵਾਉਣ ਮੌਕੇ ਦਸਤਾਰ ਉਤਾਰਨ ਨੂੰ ਕਿਹਾ ਜਾਂਦਾ ਹੈ।
ਹਾਲਾਂਕਿ, ਸਾਲ 2016 ‘ਚ ਨਵੀਂ ਦਿੱਲੀ ਦੀ ਫਰੈਂਚ ਅੰਬੈਸੀ ਦੇ ਬਿਆਨ ਦਿੱਤਾ ਸੀ ਕਿ ਫਰਾਂਸ ‘ਚ ਦਸਤਾਰ ‘ਤੇ ਪਾਬੰਦੀ ਨੂੰ ਹਟਾ ਦਿੱਤਾ ਗਿਆ ਹੈ। ਪਰ ਫਰਾਂਸ ਦੇ ਸਿੱਖਾਂ ਵਲੋਂ ਲਿਖੀ ਇਸ ਚਿੱਠੀ ਕੁਝ ਹੋਰ ਹੀ ਬਿਆਨ ਕਰਦੀ ਹੈ। ਫਰਾਂਸ ‘ਚ ਬੈਠੇ ਸਿੱਖ ਭਾਈਚਾਰਾ ਅੱਜ ਵੀ ਆਪਣੀ ਹੋਂਦ ਨੂੰ ਕਾਇਮ ਰੱਖਣ ਲਈ ਲੜਾਈ ਲੜ ਰਹੇ ਹਨ।
ਰਾਸ਼ਟਰਪਤੀ ਏਮੈਨੂਅਲ ਮੈਕ੍ਰੋਂ ਦਾ ਭਾਰਤੀ ਦੌਰਾ ਸ਼ਾਇਦ ਫਰਾਂਸ ‘ਚ ਬੈਠੇ ਸਿੱਖਾਂ ਲਈ ਕੋਈ ਬਦਲਾਅ ਲਿਆ ਸਕਦਾ ਹੈ। ‘ਸਿੱਖਸ ਦ ਫਰਾਂਸ’ ਦੇ ਬੁਲਾਰੇ ਰਣਜੀਤ ਜੀ. ਸਿੰਘ ਨੇ ਫੋਨ ਨੇ ਏ.ਬੀ.ਪੀ. ਸਾਂਝਾ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਬਿਨਾ ਦਸਤਾਰ ਤੋਂ ਸਿੱਖਾਂ ਦੀਆਂ ਫ਼ੋਟੋਆਂ ਨੂੰ ਸਰਕਾਰੀ ਕਾਗਜ਼ਾਂ ‘ਤੇ ਰਿਕਾਰਡ ‘ਚ ਰੱਖਿਆ ਜਾ ਰਿਹਾ ਹੈ, ਇਹ ਸਿੱਖਾਂ ਲਈ ਵੱਡੀ ਬੇਇੱਜ਼ਤੀ ਹੈ। ਉਨ੍ਹਾਂ ਕਿਹਾ ਕਿ ਅਸੀਂ ਇਸ ਮੁੱਦੇ ਦਾ ਹੱਲ ਕਰਨ ਲਈ ਭਾਰਤ ਸਰਕਾਰ ਨੂੰ ਲਿਖਿਆ ਹੈ।