ਕੈਨੇਡਾ ‘ਚ ਪੰਜਾਬੀ ਵਿਦਿਆਰਥੀਆਂ ਦੀ ਖ਼ੂਨੀ ਝੜਪ ਮਾਮਲੇ ‘ਚ ਕੁੜੀ ਦੀ ਵੀਡੀਓ ਨੇ ਲਿਆਂਦਾ ਨਵਾਂ ਮੋੜ

Brampton
ਬਰੈਂਪਟਨ(Sting Operation)-ਬੀਤੇ ਦਿਨੀਂ ਪੰਜਾਬੀ ਵਿਦਿਆਰਥੀਆਂ ਦੀ ਸਥਾਨਕ ਲੋਕਾਂ ਨਾਲ ਹੋਈ ਖ਼ੂਨੀ ਝੜਪ ਤੋਂ ਬਾਅਦ ਇੱਕ ਕੁੜੀ ਦੀ ਵੀਡੀਓ ਨੇ ਮਾਮਲੇ ‘ਚ ਨਵਾਂ ਮੋੜ ਲਿਆਂਦਾ ਹੈ। ਜਿੱਥੇ ਹਾਲਟਨ ਪੁਲਿਸ ਇਸ ਘਟਨਾ ਦੇ ਮੁੱਖ ਮੁਲਜ਼ਮ ਰਣਕੀਰਤ ਸਿੰਘ ਦੀ ਭਾਲ ਵਿੱਚ ਜੁਟੀ ਹੋਈ ਹੈ, ਉੱਥੇ ਹੀ ਵੀਡੀਓ ਵਾਲੀ ਕੁੜੀ ਨੇ ਇਸ ਘਟਨਾ ਦੇ ਪਿਛਲੇ ਸੱਚ ਦੱਸਣ ਦਾ ਦਾਅਵਾ ਕੀਤਾ ਹੈ।
ਵੀਡੀਓ ਵਿਚਲੀ ਕੁੜੀ ਖ਼ੁਦ ਨੂੰ ਮੁੱਖ ਮੁਲਜ਼ਮ ਦੀ ਗਰਲਫ੍ਰੈਂਡ ਹੋਣ ਦਾ ਦਾਅਵਾ ਕਰ ਰਹੀ ਹੈ। ਉਸ ਕੁੜੀ ਨੇ ਦੱਸਿਆ ਕਿ ਉਹ ਆਪਣੀ ਸਹੇਲੀਆਂ ਨਾਲ ਰਹਿਣ ਲਈ ਨਵਾਂ ਘਰ ਲੱਭ ਰਹੀ ਸੀ ਤੇ ਰਣਕੀਰਤ ਉਸ ਦੀ ਮਦਦ ਕਰ ਰਿਹਾ ਸੀ। ਉਸ ਮੁਤਾਬਕ ਰੀਅਲ ਅਸਟੇਟ ਏਜੰਟ ਜਸਕਰਨ ਮਾਂਗਟ ਨੇ ਉਨ੍ਹਾਂ ਨੂੰ ਘਰ ਦਿਵਾ ਦਿੱਤਾ ਤੇ ਕਾਗ਼ਜ਼ੀ ਕਾਰਵਾਈ ਪੂਰੀ ਕਰ ਲਈ ਅਤੇ ਉਨ੍ਹਾਂ ਚੈੱਕ ਵੀ ਦੇ ਦਿੱਤਾ। ਇਕੱਲੀਆਂ ਕੁੜੀਆਂ ਵੇਖ ਏਜੰਟ ਨੇ ਉਸ ਨੂੰ ਤੰਗ ਕਰਨਾ ਸ਼ੁਰੂ ਕਰ ਦਿੱਤਾ ਤੇ ਕਿਹਾ ਕਿ ਜੇਕਰ ਉਹ ਉਸ ਦੀ ਗੱਲ ਮੰਨੇਗੀ ਤਾਂ ਉਸ ਨੂੰ ਪਹਿਲੇ ਮਹੀਨੇ ਦਾ ਕਿਰਾਇਆ ਵੀ ਨਹੀਂ ਦੇਣਾ ਪਵੇਗਾ। ਉਸ ਨੇ ਇਹ ਵੀ ਦੱਸਿਆ ਕਿ ਜਦ ਜਸਕਰਨ ਦੇ ਇਸ ਵਤੀਰੇ ਬਾਰੇ ਉਸ ਨੇ ਰਣਕੀਰਤ ਨੂੰ ਦੱਸਿਆ ਤਾਂ ਉਨ੍ਹਾਂ ਦੋਵਾਂ ਦੀ ਫ਼ੋਨ ‘ਤੇ ਕਾਫੀ ਬਹਿਸ ਹੋ ਗਈ। ਕੁੜੀ ਨੇ ਦੱਸਿਆ ਕਿ ਏਜੰਟ ਨੇ ਉਨ੍ਹਾਂ ਦੀ ਨਵੇਂ ਮਕਾਨ ਵਾਲੇ ਇਕਰਾਰਨਾਮੇ ਨੂੰ ਰੱਦ ਕਰ ਦਿੱਤਾ ਤੇ ਸਾਨੂੰ ਆਪਣੇ ਪੈਸੇ ਵਾਪਸ ਲੈ ਕੇ ਜਾਣ ਲਈ ਤੁਰੰਤ ਮਿਲਣ ਨੂੰ ਕਿਹਾ। ਉਸ ਨੇ ਦੱਸਿਆ ਕਿ ਰਣਕੀਰਤ ਨੂੰ ਏਜੰਟ ਨੇ ਕਈ ਵਾਰ ਉਕਸਾਇਆ ਤੇ ਰਾਤ ਨੂੰ ਘਟਨਾ ਵਾਲੀ ਥਾਂ ‘ਤੇ ਮਿਲਣ ਲਈ ਕਿਹਾ।
ਕੁੜੀ ਨੇ ਆਪਣੇ ਕਥਿਤ ਪ੍ਰੇਮੀ ਦੇ ਪੱਖ ਵਿੱਚ ਸਫਾਈ ਦਿੰਦਿਆਂ ਕਿਹਾ ਕਿ ਰਣਕੀਰਤ ਲੜਨਾ ਨਹੀਂ ਸੀ ਚਾਹੁੰਦਾ ਪਰ ਏਜੰਟ ਨੇ ਉਸ ਨੂੰ ਭੜਕਾ ਦਿੱਤਾ ਸੀ। ਉਸ ਨੇ ਸੋਸ਼ਲ ਮੀਡੀਆ ‘ਤੇ ਪਾਈ ਆਪਣੀ ਵੀਡੀਓ ਵਿੱਚ ਇਹ ਵੀ ਕਿਹਾ ਕਿ ਜੇਕਰ ਕਿਸੇ ਦੀ ਧੀ-ਭੈਣ ਨਾਲ ਕੋਈ ਇਸ ਤਰ੍ਹਾਂ ਵਤੀਰਾ ਕਰ ਰਿਹਾ ਹੈ ਤਾਂ ਉਹ ਕੀ ਕਰੇ।
ਮਾਮਲੇ ਦੀ ਛਾਣਬੀਣ ਕਰ ਰਹੀ ਹਾਲਟਨ ਪੁਲਿਸ ਮੁਤਾਬਕ ਕੈਨੇਡਾ ਦੇ ਸਮੇਂ ਮੁਤਾਬਕ ਮੰਗਲਵਾਰ ਰਾਤ ਨੂੰ ਹੋਈ ਝੜਪ ਵਿੱਚ ਤਕਰੀਬਨ 20 ਤੋਂ ਜ਼ਿਆਦਾ ਵਿਅਕਤੀ ਸ਼ਾਮਲ ਸਨ। ਪੁਲਿਸ ਇਸ ਮਾਮਲੇ ਵਿੱਚ ਛੇ ਵਿਦਿਆਰਥੀਆਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ। ਕੈਨੇਡਾਈ ਮੀਡੀਆ ਮੁਤਾਬਕ ਚਾਰ ਵਿਦਿਆਰਥੀਆਂ ਉੱਪਰ ਕਤਲ ਦੀਆਂ ਧਾਰਾਵਾਂ ਦਰਜ ਕੀਤੀਆਂ ਗਈਆਂ ਹਨ। ਮਾਮਲੇ ਵਿੱਚ ਕੁੱਲ 23 ਨੌਜਵਾਨਾਂ ਨੂੰ ਬਲੈਕਲਿਸਟ ਕੀਤਾ ਗਿਆ ਹੈ, ਇਨ੍ਹਾਂ ਵਿੱਚੋਂ ਜ਼ਿਆਦਾਤਰ ਵਿਦਿਆਰਥੀ ਹੀ ਹਨ।
ਇਹ ਪਹਿਲੀ ਵਾਰ ਨਹੀਂ ਹੈ ਕਿ ਪੰਜਾਬੀ ਵਿਦਿਆਰਥੀ ਲੜਾਈ ਝਗੜੇ ਕਾਰਨ ਵਿਵਾਦਾਂ ਵਿੱਚ ਆਏ ਹੋਣ। ਇਸ ਖ਼ੂਨੀ ਝੜਪ ਨੇ ਇੱਕ ਵਾਰ ਫਿਰ ਪ੍ਰਵਾਸੀ ਪੰਜਾਬੀ ਵਿਦਿਆਰਥੀਆਂ ਨੂੰ ਜਿੱਥੇ ਸਵਾਲਾਂ ਦੇ ਕਟਹਿਰੇ ਵਿੱਚ ਖੜ੍ਹਾ ਕਰ ਦਿੱਤਾ ਹੈ, ਉੱਥੇ ਕਿਰਾਏ ‘ਤੇ ਮਕਾਨ ਲੈਣ ਸਬੰਧੀ ਬਹੁਤ ਮੁਸ਼ਕਲਾਂ ਆ ਰਹੀਆਂ ਹਨ। ਬਰੈਂਪਟਨ ਰੀਅਲ ਅਸਟੇਟ ਖੇਤਰ ਨੇ ਵਿਦਿਆਰਥੀਆਂ ਤੋਂ ਪਾਸਾ ਵੱਟ ਲਿਆ ਹੈ। ਵਿਦਿਆਰਥੀਆਂ ਵੱਲੋਂ ਬੇਸਬਾਲਾਂ ਤੇ ਬੈਟਾਂ ਨਾਲ ਲੜੀ ਜੰਗ ਤੋਂ ਬਾਅਦ ਮਕਾਨ ਮਾਲਕ ਵੀ ਸਟੂਡੈਂਟਸ ਤੋਂ ਪਾਸਾ ਵੱਟ ਲਿਆ ਹੈ।
ਘਟਨਾ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਪੰਜਾਬੀ ਵਿਦਿਆਰਥੀਆਂ ਨੂੰ ਵੀ ਕਾਫੀ ਭੰਡਿਆ ਜਾ ਰਿਹਾ ਹੈ। ਮੁੱਖ ਮੁਲਜ਼ਮ ਰਣਕੀਰਤ ਸਿੰਘ ਨੂੰ ਖਲਨਾਇਕ ਬਣਾ ਕੇ ਪੇਸ਼ ਕੀਤਾ ਜਾ ਰਿਹਾ ਹੈ। ਉੱਧਰ ਕੈਨੇਡਾ ਤੋਂ ਪੰਜਾਬੀ ਮੂਲ ਦੇ ਸਿਆਸਤਦਾਨਾਂ ਨੇ ਵੀ ਵਿਦਿਆਰਥੀਆਂ ਦੀ ਇਸ ਹਰਕਤ ਦੀ ਨਿੰਦਾ ਕੀਤੀ ਹੈ। ਕੈਨੇਡਾ ਦੇ ਮੀਡੀਆ ਮੁਤਾਬਕ ਅਦਾਲਤ ਨੇ ਇਸ ਮਾਮਲੇ ਦੀ ਸੁਣਵਾਈ 26 ਸਤੰਬਰ 2018 ਨੂੰ ਤੈਅ ਕੀਤੀ ਹੈ। ਦੇਖਣਾ ਇਹ ਹੋਵੇਗਾ ਕਿ ਹੁਣ ਇਹ ਮਾਮਲਾ ਹੋਰ ਕਿਹੜੇ ਕਿਹੜੇ ਮੋੜ ਲੈਂਦਾ ਹੈ।

About Sting Operation

Leave a Reply

Your email address will not be published. Required fields are marked *

*

themekiller.com