ਰਾਂਚੀ(Sting Operation) – ਝਾਰਖੰਡ ਦੇ ਨਕਸਲਵਾਦ ਪ੍ਰਭਾਵਿਤ ਖੂੰਟੀ ਜ਼ਿਲ੍ਹੇ ‘ਚ ਪੰਜ ਲੜਕੀਆਂ ਨਾਲ ਗੈਂਗਰੇਪ ਮਾਮਲੇ ‘ਚ ਪੁਲਿਸ ਨੇ ਮੁਲਜ਼ਮਾ ਨੂੰ ਬਚਾਉਣ ਵਾਲੇ ਪਾਦਰੀ ਸਣੇ ਤਿੰਨ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਜ਼ਿਕਰਯੋਗ ਹੈ ਕਿ ਬੀਤੀ 19 ਜੂਨ ਨੂੰ ਖੂੰਟੀ ਜ਼ਿਲ੍ਹੇ ਦੇ ਕੋਚਾਂਗ ਇਲਾਕੇ ‘ਚ ਗੈਂਗਰੇਪ ਦੀ ਘਟਨਾ ਨੂੰ ਅੰਜ਼ਾਮ ਦਿੱਤਾ ਗਿਆ ਸੀ।
ਜ਼ਿਕਰਯੋਗ ਹੈ ਕਿ ਨੁੱਕੜ ਨਾਟਕ ਦੇ ਸਮੂਹ ਨੂੰ ਸਬਕ ਸਿਖਾਉਣ ਲਈ ਇਹ ਘਿਣਾਉਣੀ ਹਰਕਤ ਕੀਤੀ ਗਈ ਸੀ। ਝਾਰਖੰਡ ਪੁਲਿਸ ਦੇ ਸੀਨੀਅਰ ਅਧਿਕਾਰੀ ਆਰਕੇ ਮਲਿਕ ਨੇ ਦੱਸਿਆ ਕਿ ਇਸ ਦੁਸ਼ਕਰਮ ‘ਚ ਖੂੰਟੀ ‘ਚ ਪੱਥਲਗੜ੍ਹੀ ਨਾਲ ਜੁੜੇ ਬਦਮਾਸ਼ਾਂ ਤੇ ਪੀਪਲਜ਼ ਲਿਬਰੇਸ਼ਨ ਫਰੰਟ ਆਫ ਇੰਡੀਆ ਦੇ ਨਕਸਲੀਆਂ ਦੇ ਸ਼ਾਮਲ ਹੋਣ ਦੀ ਗੱਲ ਸਾਹਮਣੇ ਆਈ ਹੈ।
ਪੁਲਿਸ ਵੱਲੋਂ ਗ੍ਰਿਫਤਾਰ ਪਾਦਰੀ ‘ਤੇ ਨਾ ਸਿਰਫ ਦੋਸ਼ੀਆਂ ਨੂੰ ਸ਼ਹਿ ਦੇਣ ਦਾ ਬਲਕਿ ਉਨ੍ਹਾਂ ਦਾ ਬਚਾਅ ਕਰਨ ਤੇ ਗੈਂਗਰੇਪ ਦੇ ਇਸ ਪੂਰੇ ਮਾਮਲੇ ਨੂੰ ਰਫਾ-ਦਫਾ ਕਰਾ ਦੇਣ ਦੀ ਕੋਸ਼ਿਸ਼ ਦੇ ਦੋਸ਼ ਲੱਗੇ ਹਨ। ਹਾਲਾਂਕਿ ਪਾਦਰੀ ਨੂੰ ਸ਼ੁਰੂਆਤੀ ਪੁੱਛਗਿਛ ਤੋਂ ਬਾਅਦ ਜਮਾਨਤ ‘ਤੇ ਰਿਹਾਅ ਕਰ ਦਿੱਤਾ ਗਿਆ ਹੈ।
ਪੁਲਿਸ ਅਧਿਕਾਰੀ ਮਲਿਕ ਨੇ ਦੱਸਿਆ ਕਿ ਅਪਰਾਧੀ ਹਥਿਆਰਾਂ ਨਾਲ ਲੈਸ ਹੋ ਕੇ ਜਦੋਂ ਮਿਸ਼ਨ ਸਕੂਲ ਪਹੁੰਚੇ ਤਾਂ ਉਸ ਵੇਲੇ ਸਮਾਜਿਕ ਜਾਗਰੂਕਤਾ ਸਬੰਧੀ ਨੁੱਕੜ ਨਾਟਕ ਚੱਲ ਰਿਹਾ ਸੀ। ਅਪਰਾਧੀਆਂ ਨੇ ਉਸ ਨਾਟਕ ਨੂੰ ਰੋਕ ਕੇ ਪੰਜ ਨੌਜਵਾਨ ਲੜਕੀਆਂ ਤੇ ਨੁੱਕੜ ਨਾਟਕ ਸਮੂਹ ਦੇ ਤਿੰਨ ਵਿਅਕਤੀਆਂ ਨੂੰ ਅਗਵਾ ਕਰ ਲਿਆ।
ਉਨ੍ਹਾਂ ਦਾਅਵਾ ਕੀਤਾ ਕਿ ਜਦੋਂ ਇਨ੍ਹਾਂ ਲੋਕਾਂ ਨੂੰ ਅਗਵਾ ਕੀਤਾ ਗਿਆ ਤਾਂ ਪਾਦਰੀ ਨੇ ਉਨ੍ਹਾਂ ਨੂੰ ਰੋਕਣ ਦਾ ਕੋਈ ਯਤਨ ਨਹੀਂ ਕੀਤਾ ਸਗੋਂ ਕੁੜੀਆਂ ਤੇ ਉਨ੍ਹਾਂ ਦੇ ਸਾਥੀਆਂ ਨੂੰ ਅਪਰਾਧੀਆਂ ਨਾਲ ਚਲੇ ਜਾਣ ਲਈ ਕਿਹਾ ਕਿ ਉਹ ਕੁਝ ਸਮੇਂ ਬਾਅਦ ਤਹਾਨੂੰ ਛੱਡ ਦੇਣਗੇ। ਹਾਲਾਂਕਿ ਪਾਦਰੀ ਨੇ ਅਪਰਾਧੀਆਂ ਤੋਂ ਮਿਸ਼ਨ ਦੀਆਂ ਦੋ ਨਨ ਨੂੰ ਇਹ ਕਹਿ ਕੇ ਛੁਡਵਾਇਆ ਕਿ ਇਹ ਮਿਸ਼ਨ ਦੀਆਂ ਨਨ ਹਨ।
ਇਸ ਤੋਂ ਬਾਅਦ ਅਪਰਾਧੀ ਉਨ੍ਹਾਂ ਨੂੰ ਉੱਥੋਂ 7-8 ਕਿਲੋਮੀਟਰ ਦੂਰ ਜੰਗਲ ‘ਚ ਲੈ ਗਏ ਜਿੱਥੇ ਅਪਰਾਧੀਆਂ ਦੇ ਹੋਰ ਸਾਥੀ ਪਹਿਲਾਂ ਤੋਂ ਹੀ ਮੌਜੂਦ ਸਨ। ਪੁਲਿਸ ਨੇ ਦਾਅਵਾ ਕੀਤਾ ਕਿ ਇਹ ਗੈਂਗਰੇਪ ਬੜੀ ਤਿਆਰੀ ਨਾਲ ਨੁੱਕੜ ਨਾਟਕ ਦੇ ਇਸ ਸਮੂਹ ਨੂੰ ਸਬਕ ਸਿਖਾਉਣ ਲਈ ਕੀਤਾ ਗਿਆ ਸੀ। ਪੁਲਿਸ ਨੇ ਇਸ ਮਾਮਲੇ ‘ਚ ਦੋ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਤੇ ਬਾਕੀਆਂ ਦੀ ਭਾਲ ਜਾਰੀ ਹੈ। ਗ੍ਰਿਫਤਾਰ ਕੀਤੇ ਦੋਵੇਂ ਮੁਲਜ਼ਮਾਂ ਨੇ ਆਪਣਾ ਜ਼ੁਰਮ ਕਬੂਲ ਕਰ ਲਿਆ ਹੈ।
ਦੱਸ ਦਈਏ ਕਿ ਪੁਲਿਸ ਨੇ ਇਸ ਗੈਂਗਰੇਪ ਦੀ ਘਟਨਾ ਦੇ ਬਣਾਏ ਵੀਡੀਓ ਤੋਂ ਵੀ ਦੋਸ਼ੀਆਂ ਦੀ ਪਛਾਣ ਕੀਤੀ ਹੈ ਤੇ ਨਾਲ ਹੀ ਇਨ੍ਹਾਂ ਦੋਸ਼ੀਆਂ ਬਾਰੇ ਜਾਣਕਾਰੀ ਦੇਣ ਵਾਲੇ ਨੂੰ ਪੰਜਾਹ ਹਜ਼ਾਰ ਰੁਪਏ ਇਨਾਮ ਦੇਣ ਦਾ ਐਲਾਨ ਕੀਤਾ ਹੈ।