ਵਿਧਾਇਕ ਸੰਦੋਆ ‘ਤੇ ਹਮਲੇ ਵਿਰੁੱਧ ਸੰਘਰਸ਼ ‘ਚੋਂ ਭਗਵੰਤ ਮਾਨ ਗਾਇਬ

7 AAP
ਚੰਡੀਗੜ੍ਹ(Sting Operation) – ਰੂਪਨਗਰ ਤੋਂ ਵਿਧਾਇਕ ਅਮਰਜੀਤ ਸਿੰਘ ਸੰਦੋਆ ਨਾਲ ਹੋਈ ਕੁੱਟਮਾਰ ਦੇ ਵਿਰੋਧ ਵਿੱਚ ਆਮ ਆਦਮੀ ਪਾਰਟੀ ਨੇ ਸ਼ਹਿਰ ਦੇ ਬੇਲਾ ਚੌਕ ਵਿੱਚ ਵੱਡੇ ਪੱਧਰ ‘ਤੇ ਧਰਨਾ ਦਿੱਤਾ। ਹਾਲਾਂਕਿ, ਇਹ ਪ੍ਰਚਾਰਿਆ ਗਿਆ ਸੀ ਕਿ ਭਗਵੰਤ ਮਾਨ ਵੀ ਇੱਥੇ ਪਹੁੰਚਣਗੇ ਪਰ ਪ੍ਰਧਾਨ ਸਾਬ ਆਏ ਹੀ ਨਹੀਂ।
ਵਿਰੋਧੀ ਧਿਰ ਦੇ ਆਗੂ ਸੁਖਪਾਲ ਖਹਿਰਾ ਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰਾਂ ਸਮੇਤ ਪਾਰਟੀ ਦੇ ਸਹਿ ਸੂਬਾ ਪ੍ਰਧਾਨ ਡਾ. ਬਲਬੀਰ ਸਿੰਘ ਨੇ ਕਾਂਗਰਸ ਸਰਕਾਰ ਨੂੰ ਖ਼ੂਬ ਘੇਰਿਆ। ਖਹਿਰਾ ਨੇ ਕਿਹਾ ਕਿ ਕਾਂਗਰਸ ਸਰਕਾਰ ਸੰਦੋਆ ਨੂੰ ਇਨਸਾਫ਼ ਦੇਣ ਵਿੱਚ ਅਸਫਲ ਸਾਬਤ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਪੁਲਿਸ ਘਟਨਾ ਦੇ ਮੁੱਖ ਮੁਲਜ਼ਮਾਂ ਅਜਵਿੰਦਰ ਤੇ ਬਚਿੱਤਰ ਨੂੰ ਫੜ ਨਹੀਂ ਸਕੀ ਤੇ ਅਕਾਲੀ ਨੇਤਾ ਤੇ ਕਾਂਗਰਸੀ ਮਿਲ ਕੇ ‘ਆਪ’ ਵਿਰੁੱਧ ਜਾਲ ਬੁਣਨ ਵਿੱਚ ਜੁਟ ਗਏ ਹਨ।
ਮਾਈਨਿੰਗ ਵਿਵਾਦ ਹੋਵੇ ਤੇ ਖਹਿਰਾ ਆਪਣੇ ਫੇਵਰੇਟ ਵਿਰੋਧੀ ਯਾਨੀ ਰਾਣਾ ਗੁਰਜੀਤ ਦਾ ਜ਼ਿਕਰ ਨਾ ਕਰਨ, ਇਹ ਹੋ ਨਹੀਂ ਸਕਦਾ। ਇੱਥੇ ਵੀ ਸੁਖਪਾਲ ਖਹਿਰਾ ਨੇ ਰਾਣਾ ਗੁਰਜੀਤ ਸਿੰਘ ਦੇ ਮੁੱਦੇ ‘ਤੇ ਕਾਰਵਾਈ ਨਾ ਕਰਨ ਕਾਰਨ ਘੇਰਿਆ। ਖਹਿਰਾ ਨੇ ਕਿਹਾ ਕਿ ਅਸੀਂ ਸੰਦੋਆ ‘ਤੇ ਹੋਏ ਹਮਲੇ ਦੀ ਸੀਬੀਆਈ ਜਾਂਚ ਦੀ ਮੰਗ ਕਰਦੇ ਹਾਂ ਤੇ ਨਾਲ ਹੀ ਉਨ੍ਹਾਂ ਕਿਹਾ ਕਿ ਕਰੋੜਾਂ ਦਾ ਘਪਲਾ ਸਾਬਤ ਹੋਣ ਤੋਂ ਬਾਅਦ ਵੀ ਕੈਪਟਨ ਸਰਕਾਰ ਨੇ ਰਾਣਾ ਗੁਰਜੀਤ ਖਿਲਾਫ ਪਰਚਾ ਵੀ ਦਰਜ ਨਹੀਂ ਕੀਤਾ, ਇਸ ਮਾਮਲੇ ਦੀ ਵੀ ਸੀਬੀਆਈ ਜਾਂਚ ਹੋਵੇ।
ਬੇਸ਼ੱਕ ਆਮ ਆਦਮੀ ਪਾਰਟੀ ਦੀ ਸਾਰੀ ਸੀਨੀਅਰ ਲੀਡਰਸ਼ਿਪ ਉੱਥੇ ਮੌਜੂਦ ਸੀ, ਪਰ ਪਾਰਟੀ ਦੇ ਸੂਬਾ ਪ੍ਰਧਾਨ ਦੀ ਗ਼ੈਰਹਾਜ਼ਰੀ ਚਰਚਾ ਦਾ ਵਿਸ਼ਾ ਬਣੀ ਰਹੀ। ਹਾਲਾਂਕਿ, ਬੀਤੇ ਦਿਨੀਂ ਪ੍ਰੈਸ ਕਾਨਫਰੰਸ ਦੌਰਾਨ ਖਹਿਰਾ ਨੇ ਕਿਹਾ ਸੀ ਕਿ ਭਗਵੰਤ ਮਾਨ ਛੇਤੀ ਹੀ ਸੰਦੋਆ ਨੂੰ ਮਿਲਣ ਆਉਣਗੇ ਤੇ ਅੱਜ ਆਸ ਸੀ ਕਿ ਭਗਵੰਤ ਮਾਨ ਆਪਣੀ ‘ਸਮਾਧੀ’ ‘ਚੋਂ ਉੱਠ ਕੇ ਪਾਰਟੀ ਦੇ ਸੰਘਰਸ਼ ਦੀ ਆਵਾਜ਼ ਹੋਰ ਬੁਲੰਦ ਕਰਨ ਆਉਣਗੇ। ਆਪਣੀ ਪਾਰਟੀ ਦੇ ਵਿਧਾਇਕ ਨਾਲ ਕੁੱਟਮਾਰ ਦੇ ਮਸਲੇ ‘ਤੇ ਭਗਵੰਤ ਮਾਨ ਨੇ ਆਪਣੇ ਸੁਭਾਅ ਤੋਂ ਉਲਟ ‘ਕਿਊਟ’ ਜਿਹੇ ਲਹਿਜ਼ੇ ‘ਚ ਵੀਡੀਓ ਪੋਸਟ ਕਰਕੇ ਕੈਪਟਨ ਸਰਕਾਰ ਸਾਹਮਣੇ ਆਪਣਾ ਵਿਰੋਧ ਜਤਾਇਆ ਸੀ।

About Sting Operation

Leave a Reply

Your email address will not be published. Required fields are marked *

*

themekiller.com