‘ਚੈਂਪੀਅਨ ਟਰਾਫੀ ਦੇ ਸਰਦਾਰ’ ਆਸਟਰੇਲੀਆ ਨਾਲ ਭਿੜੇਗਾ ਭਾਰਤ

19 india-hockey
ਨਵੀਂ ਦਿੱਲੀ(Sting Operation) – ਭਾਰਤੀ ਹਾਕੀ ਟੀਮ ਨੇ ਅੱਠ ਵਾਰ ਚੈਂਪੀਅਨ ਰਹਿ ਚੁੱਕੀ ਤੇ ਮੇਜ਼ਬਾਨ ਟੀਮ ਨੀਦਰਲੈਂਡ ਨੂੰ ਸ਼ਨੀਵਾਰ 1-1 ਦੇ ਡਰਾਅ ‘ਤੇ ਰੋਕ ਕੇ ਚੈਂਪੀਅਨ ਟਰਾਫੀ ਦੇ ਫਾਈਨਲ ‘ਚ ਆਪਣੀ ਜਗ੍ਹਾ ਪੱਕੀ ਕਰ ਲਈ। ਦੱਸ ਦੇਈਏ ਕਿ ਫਾਈਨਲ ‘ਚ ਭਾਰਤੀ ਟੀਮ ਦਾ ਸਾਹਮਣਾ ਅੱਜ 14 ਵਾਰ ਚੈਂਪੀਅਨ ਰਹਿ ਚੁੱਕੇ ਆਸਟਰੇਲੀਆ ਨਾਲ ਹੋਵੇਗਾ।
ਭਾਰਤ ਦੇ ਲਈ ਸੰਦੀਪ ਸਿੰਘ ਨੇ 47ਵੇਂ ਮਿੰਟ ‘ਚ ਜਦਕਿ ਨੀਦਰਲੈਂਡ ਲਈ ਥਿਏਰੀ ਬ੍ਰਿੰਕਮੈਨ ਨੇ 55ਵੇਂ ਮਿੰਟ ‘ਚ ਬਰਾਬਰੀ ਦਾ ਗੋਲ ਦਾਗਿਆ। ਨੀਦਰਲੈਡ ਨੇ ਪਹਿਲਾ ਅੱਧਾ ਸਮਾਂ ਸਮਾਪਤ ਹੋਣ ਤੋਂ ਬਾਅਦ ਕੁੱਝ ਮਿੰਟ ਜ਼ੋਰਦਾਰ ਹਮਲੇ ਕੀਤੇ ਪਰ ਉਹ ਭਾਰਤ ਖਿਲਾਫ ਪਹਿਲੇ ਅੱਧੇ ਸਮੇਂ ‘ਚ ਗੋਲ ਨਹੀਂ ਕਰ ਸਕੇ।
ਤੀਜੇ ਕੁਆਰਟਰ ‘ਚ 41ਵੇਂ ਮਿੰਟ ‘ਚ ਐਸਵੀ ਸੁਨੀਲ ਨੇ ਮਨਦੀਪ ਨੂੰ ਇਕ ਬਿਹਤਰੀਨ ਪਾਸ ਦਿੱਤਾ ਪਰ ਉਹ ਠੀਕ ਤਰ੍ਹਾਂ ਲੈ ਨਹੀਂ ਸਕਿਆ ਤੇ ਭਾਰਤ ਲਈ ਗੋਲ ਕਰਨ ਦਾ ਇਕ ਮੌਕਾ ਹੱਥੋਂ ਨਿਕਲ ਗਿਆ।
ਚੌਥੇ ਤੇ ਆਖਰੀ ਕੁਆਰਟਰ ‘ਚ 47ਵੇਂ ਮਿੰਟ ‘ਚ ਭਾਰਤੀ ਟੀਮ ਨੂੰ ਤੀਜੀ ਪੈਨਲਟੀ ਕਾਰਨਰ ਮਿਲੀ ਤੇ ਹਰਮਨਪ੍ਰੀਤ ਨੇ ਇਸ ‘ਤੇ ਸ਼ਾਟ ਲਾਇਆ ਜਿਸ ਨੂੰ ਨੀਦਰਲੈਂਡ ਦੇ ਗੋਲਕੀਪਰ ਨੇ ਰੋਕ ਦਿੱਤਾ ਪਰ ਮਨਦੀਪ ਸਿੰਘ ਦੂਜੀ ਕੋਸ਼ਿਸ਼ ‘ਚ ਗੋਲ ਕਰਨ ‘ਚ ਕਾਮਯਾਬ ਰਿਹਾ।
ਇਸ ਤੋਂ ਬਾਅਦ ਨੀਦਰਲੈਂਡ ਨੇ 55ਵੇਂ ਮਿੰਟ ‘ਚ ਥਿਏਰੀ ਬ੍ਰਿੰਕਮੈਨ ਦੇ ਮੈਦਾਨੀ ਗੋਲ ਨਾਲ 1-1 ਦੀ ਬਰਾਬਰੀ ਹਾਸਲ ਕਰ ਲਈ। ਇਸ ਤੋਂ ਬਾਅਦ ਨੀਦਰਲੈਂਡ ਨੇ 58ਵੇਂ ਮਿੰਟ ‘ਚ ਇਕ ਮੈਦਾਨੀ ਗੋਲ ਜ਼ਰੀਏ 2-1 ਨਾਲ ਭਾਰਤ ‘ਤੇ ਦਬਦਬਾ ਬਣਾਇਆ। ਭਾਰਤ ਨੇ ਇਸ ਗੋਲ ‘ਤੇ ਰੈਫਰਲ ਮੰਗਿਆ ਜਿਸ ‘ਤੇ ਮੈਚ ਰੈਫਰੀ ਨੇ ਫੈਸਲਾ ਭਾਰਤ ਦੇ ਹੱਕ ‘ਚ ਸੁਣਾਇਆ ਤੇ ਭਾਰਤ ਤੋਂ ਮੁਸੀਬਤ ਟਲ ਗਈ।
ਇਸ ਤੋਂ ਬਾਅਦ ਨੀਦਰਲੈਂਡ ਨੇ 59ਵੇਂ ਮਿੰਟ ‘ਚ ਲਗਾਤਾਰ ਤਿੰਨ ਪੈਨਲਟੀ ਕਾਰਨਰ ਹਾਸਲ ਕੀਤੇ। ਇਕ ਵਾਰ ਤਾਂ ਭਾਰਤ ‘ਤੇ ਹਾਰ ਦਾ ਖਤਰਾ ਮੰਡਰਾਉਣ ਲੱਗਾ ਸੀ ਪਰ ਭਾਰਤੀ ਖਿਡਾਰੀਆਂ ਨੇ ਤਿੰਨ ਪੈਨਲਟੀ ਕਾਰਨਰ ਨੂੰ ਹਟਾਉਂਦਿਆਂ 1-1 ਦੀ ਬਰਾਬਰੀ ਨਾਲ ਆਪਣੀ ਟੀਮ ਦੀ ਫਾਈਨਲ ‘ਚ ਜਗ੍ਹਾ ਬਣਾਈ।
ਭਾਰਤ ਨੇ ਪੰਜ ਮੈਚਾਂ ‘ਚ ਦੋ ਜਿੱਤੇ, ਦੋ ਡਰਾਅ ਰਹੇ ਤੇ ਇਕ ‘ਚ ਹਾਰ ਤੋਂ ਬਾਅਦ 8 ਅੰਕ ਲੈਕੇ ਖਿਤਾਬੀ ਮੁਕਾਬਲੇ ‘ਚ ਜਗ੍ਹਾ ਬਣਾਈ। ਜਦਕਿ ਆਸਟਰੇਲੀਆ ਨੇ ਪੰਜ ਮੈਚ ਜਿੱਤ ਕੇ, ਇਕ ਡਰਾਅ ਤੇ ਇਕ ਹਾਰਨ ਤੋਂ ਬਾਅਦ 10 ਅੰਕਾਂ ਨਾਲ ਫਾਈਨਲ ਚ ਆਪਣੀ ਜਗ੍ਹਾ ਬਣਾਈ ਹੈ।
ਜ਼ਿਕਰਯੋਗ ਹੈ ਕਿ ਸਾਲ 2016 ਤੋਂ ਬਾਅਦ ਭਾਰਤ ਲਗਾਤਾਰ ਦੂਜੀ ਵਾਰ ਫਾਈਨਲ ‘ਚ ਪਹੁੰਚਿਆ ਹੈ। ਸਾਲ 2016 ‘ਚ ਆਸਟਰੇਲੀਆ ਤੋਂ ਪੈਨਲਟੀ ਸ਼ੂਟ ਆਊਟ ‘ਚ ਭਾਰਤ ਹਾਰਿਆ ਸੀ। ਆਸਟਰੇਲੀਆ ਨੇ ਹੁਣ ਤੱਕ 14 ਵਾਰ ਇਹ ਟਰਾਫੀ ਜਿੱਤੀ ਹੈ ਜਦਕਿ ਭਾਰਤ ਅਜੇ ਤੱਕ ਟਰਾਫੀ ਦੇ ਮਾਮਲੇ ‘ਚ ਆਪਣਾ ਖਾਤਾ ਨਹੀਂ ਖੋਲ੍ਹ ਸਕਿਆ।

About Sting Operation

Leave a Reply

Your email address will not be published. Required fields are marked *

*

themekiller.com