ਪੰਜਾਬ ਦੀ ਸਿਆਸੀ ਬਦਲਾਖੋਰੀ ਬਣ ਰਹੀ ਹੈ ਅਮਰੀਕਾ ‘ਚ ਸ਼ਰਣ ਲੈਣ ਦਾ ਆਧਾਰ

4 usa
ਨਵੀਂ ਦਿੱਲੀ (Sting Operation) – ਅਮਰੀਕਾ ‘ਚ ਸ਼ਰਨ ਲੈਣ ਵਾਲੇ ਭਾਰਤੀਆਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ ਜਿਨ੍ਹਾਂ ‘ਚ ਬਹੁ ਗਿਣਤੀ ਪੰਜਾਬੀਆਂ ਦੀ ਹੈ। ਪਰ ਇਨ੍ਹਾਂ ਸ਼ਰਣਾਰਥੀਆਂ ਵੱਲੋਂ ਪੰਜਾਬ ਦੀ ਸਿਆਸਤ ਨੂੰ ਹੀ ਅਮਰੀਕਾ ਵਿੱਚ ਸ਼ਰਣ ਲੈਣ ਦਾ ਜ਼ਰੀਆ ਬਣਾਉਣ ਦਾ ਖੁਲਾਸਾ ਹੋਇਆ ਹੈ। ਪੰਜਾਬੀ ਆਪਣੇ ਆਪ ਨੂੰ ਆਮ ਆਦਮੀ ਪਾਰਟੀ ਦਾ ਦੱਸਦਿਆਂ ਕਹਿ ਰਹੇ ਹਨ ਕਿ ਕਾਂਗਰਸ ਸਰਕਾਰ ਉਨ੍ਹਾਂ ਨੂੰ ਤੰਗ ਪਰੇਸ਼ਾਨ ਕਰ ਰਹੀ ਹੈ ਜਦਕਿ ਹਰਿਆਣਾ ਵਾਲੇ ਖ਼ੁਦ ਨੂੰ ਕਾਂਗਰਸੀ ਦੱਸ ਕੇ ਉੱਥੇ ਭਾਜਪਾ ਤੋਂ ਖ਼ਤਰਾ ਦੱਸਦੇ ਹਨ।
ਸ਼ਰਣ ਮੰਗਣ ਵਾਲਿਆਂ ‘ਚੋਂ ਬਹੁ-ਗਿਣਤੀ 20-22 ਸਾਲਾ ਉਮਰ ਦੇ ਬਿਨੈਕਾਰ ਹਨ। ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਰੁਝਾਨ ਆਏ ਸਾਲ ਵਧ ਰਿਹਾ ਹੈ। ਪਹਿਲੇ ਇਕ ਸਾਲ ‘ਚ ਅਮਰੀਕਾ ‘ਚ ਸ਼ਰਣ ਲੈਣ ਵਾਲਿਆਂ ਦੀ ਗਿਣਤੀ 52 ਸੀ ਜੋ ਵਧ ਕੇ 101 ਤੇ ਹੁਣ 340 ਹੋ ਗਈ ਹੈ।
ਉਨ੍ਹਾਂ ਦੱਸਿਆ ਕਿ ਏਜੰਟ ਲੋਕਾਂ ਨੂੰ ਵੱਡੇ-ਵੱਡੇ ਸਬਜ਼ਬਾਗ ਦਿਖਾ ਸ਼ਰਨਾਰਥੀ ਦੇ ਤੌਰ ‘ਤੇ ਅਮਰੀਕਾ ਭੇਜਣ ਦੇ ਸੁਫਨੇ ਦਿਖਾਉਂਦੇ ਹਨ। ਉਨ੍ਹਾਂ ਦੱਸਿਆ ਕਿ ਏਜੰਟ ਲੋਕਾਂ ਨੂੰ ਪਹਿਲਾਂ ਹੀ ਸਿਖਾ ਕੇ ਤੋਰਦੇ ਹਨ ਕਿ ਭਾਰਤੀ ਦੂਤਾਵਾਸ ਨਾਲ ਕੋਈ ਜਾਣਕਾਰੀ ਸਾਂਝੀ ਨਹੀਂ ਕਰਨੀ ਨਹੀਂ ਤਾਂ ਇਹ ਸਾਬਿਤ ਹੋਵੇਗਾ ਕਿ ਭਾਰਤ ਸਰਕਾਰ ਉਨ੍ਹਾਂ ਦੀ ਮਦਦ ਕਰ ਰਹੀ ਹੈ ਤੇ ਉਨ੍ਹਾਂ ਨੂੰ ਅਮਰੀਕੀ ਨਾਗਰਿਕਤਾ ਨਹੀਂ ਮਿਲੇਗੀ।
ਸੁਸ਼ਮਾ ਸਵਰਾਜ ਨੇ ਕਿਹਾ ਕਿ ਅਜਿਹੇ ਹਾਲਾਤਾਂ ‘ਚ ਭਾਰਤ ਸਰਕਾਰ ਕੋਸ਼ਿਸ਼ ਕਰਕੇ ਵੀ ਉਨ੍ਹਾਂ ਦੀ ਮਦਦ ਨਹੀਂ ਕਰ ਪਾ ਰਹੀ। ਵਿਦੇਸ਼ ਮੰਤਰੀ ਨੇ ਕਿਹਾ ਕਿ ਮਨੁੱਖੀ ਤਸਕਰੀ ਰੋਕਣ ਲਈ ਵਿਦੇਸ਼ ਭੇਜਣ ਵਾਲੇ ਫਰਜ਼ੀ ਏਜੰਟਾ ‘ਤੇ ਨਕੇਲ ਕੱਸਣੀ ਬਹੁਤ ਜ਼ਰੂਰੀ ਹੋ ਗਈ ਹੈ। ਉਨ੍ਹਾਂ ਦੱਸਿਆ ਕਿ 26 ਮਈ, 2014 ਤੋਂ 31 ਦਸੰਬਰ, 2017 ਤੱਕ ਵਿਦੇਸ਼ਾਂ ‘ਚ ਫਸੇ ਇੱਕ 1 ਲੱਖ, 66 ਹਜ਼ਾਰ, 366 ਲੋਕ ਵਾਪਸ ਲਿਆਂਦੇ ਗਏ। ਉਨ੍ਹਾਂ ਕਿਹਾ ਕਿ ਇਸ ਪ੍ਰਕਿਰਿਆ ਨੂੰ ਬੰਦ ਕਰਨ ਲਈ ਜ਼ਰੂਰੀ ਹੈ ਫਰਜ਼ੀ ਏਜੰਟਾਂ ਦਾ ਗੋਰਖਧੰਦਾ ਬੰਦ ਕੀਤਾ ਜਾਵੇ।

About Sting Operation

Leave a Reply

Your email address will not be published. Required fields are marked *

*

themekiller.com