ਮੁੰਬਈ (Sting Operation) – ਸਟਾਰ ਪਲੱਸ ਦੇ ਮਸ਼ਹੂਰ ਸ਼ੋਅ ‘ਏਕ ਵੀਰ ਕੀ ਅਰਦਾਸ…ਵੀਰਾ’ ਦੇ ਐਕਜੀਕਿਊਟਿਵ ਪ੍ਰੋਡਿਊਸਰ ਮੁਕੇਸ਼ ਮਿਸ਼ਰਾ ਨੂੰ ਹਾਲ ਹੀ ‘ਚ ਬਲਾਤਕਾਰ ਦੇ ਮਾਮਲੇ ‘ਚ ਦੋਸ਼ੀ ਪਾਇਆ ਗਿਆ ਹੈ। ਮੁਕੇਸ਼ ਨੇ ਆਪਣੇ ਹੀ ਸ਼ੋਅ ਦੀ ਅਦਾਕਾਰਾ ਨਾਲ ਬਲਾਤਕਾਰ ਕੀਤਾ ਸੀ। ਇਹ ਘਟਨਾ 12 ਦਸੰਬਰ ਸਾਲ 2012 ਦੀ ਹੈ, ਜਦੋਂ ਮੁਕੇਸ਼ ਨੇ ਇਕ ਅਦਾਕਾਰਾ ਨੂੰ ਪਹਿਲਾਂ ਆਪਣੇ ਸ਼ੋਅ ‘ਚ ਕੰਮ ਦਿੱਤਾ ਸੀ ਅਤੇ ਜਦੋਂ ਉਹ ਫੇਮਸ ਹੋ ਗਈ ਤਾਂ ਉਸ ਤੋਂ ਬਾਅਦ ਮੁਕੇਸ਼ ਨੇ ਅਦਾਕਾਰਾ ਨਾਲ ਮੇਕਅੱਪ ਰੂਮ ‘ਚ ਜਾ ਕੇ ਬਲਾਤਕਾਰ ਕਰ ਲਿਆ। ਸੂਤਰਾਂ ਦੀ ਮੰਨੀਏ ਤਾਂ ਸਪੈਸ਼ਲ ਵੂਮੈਂਸ ਕੋਰਟ ਨੇ ਹੁਣ ਇਸ ਮਾਮਲੇ ‘ਚ ਮੁਕੇਸ਼ ਨੂੰ 7 ਸਾਲ ਦੀ ਸਜ਼ਾ ਸੁਣਾਈ ਹੈ। 12 ਦਸੰਬਰ 2012 ਨੂੰ ਮੁਕੇਸ਼ ਨੇ 31 ਸਾਲ ਦੀ ਅਦਾਕਾਰਾ ਨੂੰ ਬੱਸ ਸਟੈਂਡ ‘ਤੇ ਮਿਲਣ ਨੂੰ ਕਿਹਾ ਸੀ ਪਰ ਬੱਸ ਲੇਟ ਹੋਣ ਕਾਰਨ ਮੁਕੇਸ਼ ਨੇ ਅਦਾਕਾਰਾ ਨੂੰ ਆਪਣੇ ਨਾਲ ਬਾਇਕ ‘ਤੇ ਚਲਣ ਲਈ ਕਿਹਾ। ਮੁਕੇਸ਼ ਅਦਾਕਾਰਾ ਨੂੰ ਆਪਣੇ ਨਾਲ ਸ਼ੂਟਿੰਗ ਲੋਕੇਸ਼ਨ ਤੱਕ ਬਾਇਕ ‘ਤੇ ਲੈ ਗਿਆ ਸੀ ਅਤੇ ਉੱਥੇ ਉਸ ਨੇ ਅਦਾਕਾਰਾ ਨਾਲ ਬਲਾਤਕਾਰ ਕੀਤਾ। ਇੰਨਾ ਹੀ ਨਹੀਂ ਬਲਾਤਕਾਰ ਕਰਨ ਤੋਂ ਬਾਅਦ ਮੁਕੇਸ਼ ਨੇ ਅਦਾਕਾਰਾ ਨੂੰ ਧਮਕੀ ਵੀ ਦਿੱਤੀ ਸੀ ਕਿ ਜੇਕਰ ਉਸ ਨੇ ਇਸ ਬਾਰੇ ਕਿਸੇ ਨੂੰ ਵੀ ਦੱਸਿਆ ਤਾਂ ਉਸ ਦਾ ਅੰਜ਼ਾਮ ਬਹੁਤ ਬੁਰਾ ਹੋਵੇਗਾ। ਇਸ ਮਾਮਲੇ ‘ਚ ਹੁਣ ਮੁਕੇਸ਼ ਨੂੰ ਬਲਾਤਕਾਰ ਦਾ ਦੋਸ਼ੀ ਕਰਾਰ ਦਿੱਤਾ ਹੈ ਅਤੇ ਉਸ ਨੂੰ 7 ਸਾਲ ਦੀ ਸਜਾ ਸੁਣਾਈ ਗਈ ਹੈ।
ਦੱਸ ਦੇਈਏ ਟੀ. ਵੀ. ਸ਼ੋਅ ‘ਏਕ ਵੀਰ ਕੀ ਅਰਦਾਸ ਵੀਰਾ’ ਦੀ ਸ਼ੁਰੂਆਤ 29 ਅਕਤੂਬਰ 2012 ‘ਚ ਹੋਈ ਸੀ। ਇਹ ਸ਼ੋਅ ਕਾਫੀ ਜ਼ਿਆਦਾ ਮਸ਼ਹੂਰ ਵੀ ਹੋਇਆ ਸੀ। ਇਸ ਸ਼ੋਅ ‘ਚ ਦਿਗਾਂਗਨਾ ਸੂਰਿਆਵੰਸ਼ੀ, ਸ਼ਿਵਿਨ ਨਾਰੰਗ, ਵਿਸ਼ਾਲ ਵਸ਼ਿਸ਼ਠ, ਸਨੇਹ ਵਾਗ ਅਤੇ ਫਰਨਾਜ ਸ਼ੈੱਟੀ ਵਰਗੇ ਕਲਾਕਾਰ ਮੁੱਖ ਭੂਮਿਕਾ ‘ਚ ਨਜ਼ਰ ਆਏ ਸਨ।